ਸ਼੍ਰੋਮਣੀ ਕਮੇਟੀ ''ਚੋਂ ਕੱਢੇ ਮੁਲਾਜ਼ਮਾਂ ਵੱਲੋਂ ਪ੍ਰਧਾਨ ਖਿਲਾਫ ਰੋਸ ਪ੍ਰਦਰਸ਼ਨ
Sunday, Apr 08, 2018 - 07:43 AM (IST)
ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਕਮੇਟੀ 'ਚੋਂ ਕੱਢੇ ਗਏ ਮੁਲਾਜ਼ਮਾਂ ਨੇ ਅੱਜ ਇਕ ਇਕੱਠ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜੇਕਰ 15 ਅਪ੍ਰੈਲ ਤੱਕ ਉਨ੍ਹਾਂ ਦੀ ਨੌਕਰੀ ਬਹਾਲ ਨਾ ਕੀਤੀ ਗਈ ਤਾਂ 16 ਅਪ੍ਰੈਲ ਤੋਂ ਉਹ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਜਾਣਗੇ, ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜ਼ਿੰਮੇਵਾਰ ਹੋਣਗੇ। ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਨਿਊ ਫਲਾਵਰਜ਼ ਐਜੂਕੇਸ਼ਨ ਸੋਸਾਇਟੀ (ਰਜਿ.) ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਵੱਡੇ-ਵੱਡੇ ਘਪਲੇ ਕਰਨ ਵਾਲੇ ਅਧਿਕਾਰੀ ਮੌਜਾਂ ਮਾਣ ਰਹੇ ਹਨ ਤੇ ਇਨ੍ਹਾਂ ਬੇਕਸੂਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਆਖਰੀ ਸਾਹ ਤੱਕ ਇਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜਾਂਗਾ ਤੇ ਜੇਕਰ ਉਸ ਵਾਸਤੇ ਮੈਨੂੰ ਸੁਪਰੀਮ ਕੌਰਟ ਤੱਕ ਵੀ ਜਾਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਾਂਗਾ।
ਫਾਰਗ ਮੁਲਾਜ਼ਮਾਂ ਨੇ ਸੁਣਾਏ ਦੁੱਖੜੇ
ਇਸ ਮੌਕੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਪੱਤਰਕਾਰਾਂ ਨੂੰ ਆਪਣੇ ਦੁੱਖੜੇ ਸੁਣਾਏ, ਜਿਨ੍ਹਾਂ 'ਚੋਂ ਕੁਝ ਅਜਿਹੇ ਵੀ ਮੁਲਾਜ਼ਮ ਸਨ ਜਿਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ ਸਨ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਡੀ ਨੌਕਰੀ ਖੋਹ ਕੇ ਸਾਨੂੰ ਭੁੱਖੇ ਮਰਨ ਦੇ ਰਾਹ 'ਤੇ ਤਾਂ ਤੌਰ ਹੀ ਦਿੱਤਾ ਹੈ ਪਰ ਚੁੱਪ ਰਹਿ ਕੇ ਭੁੱਖੇ ਮਰਨ ਨਾਲੋਂ ਇਨਸਾਫ ਲਈ ਲੜਦਿਆਂ ਸ਼ਹੀਦ ਹੋਣਾ ਜ਼ਿਆਦਾ ਚੰਗਾ ਹੋਵੇਗਾ। ਇਸ ਮੌਕੇ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਨੌਕਰੀ ਤੋਂ ਫਾਰਗ ਹੋਏ ਮੁਲਾਜ਼ਮਾਂ ਵੱਲੋਂ 16 ਅਪ੍ਰੈਲ ਤੋਂ ਆਰੰਭਿਆ ਜਾਣਾ ਵਾਲਾ ਸੰਘਰਸ਼ ਬੇਹੱਦ ਤਿੱਖਾ ਹੋਵੇਗਾ, ਜਿਸ ਵਿਚ ਧਾਰਮਿਕ, ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵੀ ਉਨ੍ਹਾਂ ਦਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਆਪਹੁਦਰੀ ਨਾਲ ਲਿਆ ਗਿਆ ਫੈਸਲਾ ਹੁਣ ਉਨ੍ਹਾਂ 'ਤੇ ਹੀ ਪੁੱਠਾ ਪੈ ਜਾਵੇਗਾ।
