ਵਿਧਾਇਕ ਗਿਲਜੀਆਂ ਦੇ ਦਖਲ ਨਾਲ ਪ੍ਰਸ਼ਾਸਨ ਨੇ ਹੱਲ ਕਰਵਾਈ ਗੰਨਾ ਕਿਸਾਨਾਂ ਦੀ ਸਮੱਸਿਆ

Monday, Mar 26, 2018 - 02:30 PM (IST)

ਵਿਧਾਇਕ ਗਿਲਜੀਆਂ ਦੇ ਦਖਲ ਨਾਲ ਪ੍ਰਸ਼ਾਸਨ ਨੇ ਹੱਲ ਕਰਵਾਈ ਗੰਨਾ ਕਿਸਾਨਾਂ ਦੀ ਸਮੱਸਿਆ

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਮਾਰਕੀਟ ਕਮੇਟੀ ਟਾਂਡਾ ਦਫਤਰ 'ਚ ਹੋਈ ਮੀਟਿੰਗ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਖਲ ਨਾਲ ਸ਼ੂਗਰ ਮਿੱਲ ਦਸੂਹਾ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਪ੍ਰਸ਼ਾਸਨ ਨੇ ਟਾਂਡਾ ਹਲਕੇ ਨਾਲ ਸੰਬੰਧਤ ਆਊਟਰ ਏਰੀਆ ਦੇ ਲਗਭਗ 20 ਪਿੰਡਾਂ ਦੇ ਗੰਨਾ ਕਿਸਾਨਾਂ ਦੀ ਪਰਚੀ ਸਬੰਧੀ ਸਮੱਸਿਆ ਦਾ ਹੱਲ ਕਰਦੇ ਹੋਏ ਏਰੀਆ ਅਤੇ ਆਊਟਰ ਏਰੀਆ ਦੇ ਕਿਸਾਨਾਂ ਦਾ ਟਕਰਾਅ ਰੋਕਿਆ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਦੇ ਆਗੂ ਜੰਗਵੀਰ ਸਿੰਘ ਚੌਹਾਨ ਨੇ ਵੀ ਮਸਲੇ ਦੇ ਹੱਲ ਲਈ ਉਸਾਰੂ ਰੋਲ ਅਦਾ ਕੀਤਾ। 
ਦੱਸਣਯੋਗ ਹੈ ਕਿ ਬੀਤੇ ਦਿਨੀਂ ਹਲਕਾ ਟਾਂਡਾ ਨਾਲ ਸਬੰਧਤ ਖਰਲ ਖੁਰਦ ,ਰਾਪੁਰ, ਸੈਦੂਪੁਰ ਦਾਤਾ, ਜੌੜਾ, ਨੰਗਲ ਫਰੀਦ, ਹੇਜਮਾ, ਧਾਮੀਆਂ, ਨੈਨੋਵਾਲ ਵੈਦ ,ਜਹੂਰਾ, ਦਰਿਆ, ਕਲਿਆਣਪੁਰ, ਘੋੜੇਵਾਹਾ ਆਦਿ ਲਗਭਗ 20 ਪਿੰਡਾਂ ਦੇ ਕਿਸਾਨਾਂ ਨੇ ਆਊਟਰ ਏਰੀਆ ਹੋਣ ਕਰਕੇ ਦਸੂਹਾ ਮਿੱਲ ਤੋਂ ਪਰਚੀ ਨਾ ਮਿਲਣ ਦੀ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਸੀ। ਇਸ ਦੇ ਨਾਲ ਹੀ ਪਰਚੀ ਨੂੰ ਲੈ ਕੇ ਏਰੀਆ ਅਤੇ ਆਊਟਰ ਏਰੀਆ ਦੇ ਕਿਸਾਨਾਂ 'ਚ ਟਕਰਾਅ ਦੀ ਸਥਿਤੀ ਬਣ ਗਈ ਸੀ। ਉਕਤ ਮਸਲੇ ਦੇ ਹੱਲ ਲਈ ਵਿਧਾਇਕ ਗਿਲਜੀਆਂ ਵੱਲੋਂ ਸੱਦੀ ਮੀਟਿੰਗ 'ਚ ਐੱਸ. ਡੀ. ਐੱਮ ਦਸੂਹਾ ਡਾਕਟਰ ਹਿਮਾਂਸ਼ੂ ਅਗਰਵਾਲ, ਕੇਨ ਕਮਿਸ਼ਨਰ ਦੇ ਨੁਮਾਇੰਦੇ ਏ.ਡੀ. ਓ. ਅਰੁਣ ਕੋਹਲੀ, ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ, ਮਿੱਲ ਦੇ ਅਧਿਕਾਰੀ ਦੇਸ ਰਾਜ, ਪੰਕਜ ਕੁਮਾਰ ਅਤੇ ਦੋਆਬਾ ਕਿਸਾਨ ਕਮੇਟੀ ਦੇ ਆਗੂ ਜੰਗਵੀਰ ਸਿੰਘ ਚੌਹਾਨ ਤੋਂ ਇਲਾਵਾ ਸਬੰਧਤ ਕਿਸਾਨ ਹਾਜ਼ਰ ਹੋਏ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਸਖਤ ਸ਼ਬਦਾਂ 'ਚ ਕਿਹਾ ਕੇ ਇਲਾਕੇ ਦਾ ਗੰਨਾ ਪਹਿਲ ਦੇ ਆਧਾਰ 'ਤੇ ਪੀੜਿਆ ਜਾਵੇ। ਆਊਟਰ ਅਤੇ ਏਰੀਆ ਦੇ ਕਿਸਾਨਾਂ ਨੂੰ ਆਪਸੀ ਇਤਫਾਕ ਰੱਖਣ ਲਈ ਵੀ ਕਿਹਾ। 
ਇਸ ਮੌਕੇ ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਦੀ ਹਾਜ਼ਰੀ 'ਚ ਫੈਸਲਾ ਹੋਇਆ ਕਿ ਇਲਾਕੇ 'ਚ ਗੰਨਾ ਬਹੁਤ ਜ਼ਿਆਦਾ ਹੈ ਅਤੇ ਇਲਾਕੇ ਦੇ ਕਿਸਾਨਾਂ ਨੂੰ ਇਕ ਮਹੀਨੇ 'ਚ ਛੋਟੇ ਵੱਡੇ ਕਿਸਾਨਾਂ ਨੂੰ ਪਰਚੀਆਂ ਵੰਡ ਦਿੱਤੀਆਂ ਜਾਣਗੀਆਂ | ਅਤੇ ਤਹਿਸੀਲ ਦਸੂਹਾ ਦੇ ਉਨ੍ਹਾਂ ਲਗਭਗ 20 ਪਿੰਡਾਂ ਦੇ ਕਿਸਾਨਾਂ ਨੂੰ ਵੀ ਪਰਚੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਦਾ ਗੰਨਾ ਭੋਗਪੁਰ ਮਿੱਲ ਨੂੰ ਅਲਾਟ ਸੀ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਮਿੱਲ 'ਚ ਆਉਣ ਸਮੇਂ ਆਧਾਰ ਕਾਰਡ ਨਾਲ ਲਿਆਉਣ ਲਈ ਪਾਬੰਧ ਕੀਤਾ ਗਿਆ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਥਾਣਾ ਮੁਖੀ ਟਾਂਡਾ ਪ੍ਰਦੀਪ ਸਿੰਘ, ਥਾਣਾ ਮੁਖੀ ਦਸੂਹਾ, ਪ੍ਰੀਤਮੋਹਨ ਸਿੰਘ ਹੈਪੀ, ਰਾਕੇਸ਼ ਵੋਹਰਾ, ਅਵਤਾਰ ਖੋਖਰ, ਹਰਦੀਪ ਪਿੰਕੀ ਆਦਿ ਮੌਜੂਦ ਸਨ।


Related News