ਸੰਸਦ ਮੈਂਬਰ ਕਿਰਨ ਖੇਰ ਦੇ ਪ੍ਰਾਈਵੇਟ ਸਕੱਤਰ ਦੇ ਖਾਤੇ ''ਚੋਂ ਉਡਾਏ 74 ਹਜ਼ਾਰ ਰੁਪਏ

02/21/2020 5:13:54 PM

ਚੰਡੀਗੜ੍ਹ (ਸੁਸ਼ੀਲ) : ਸੰਸਦ ਮੈਂਬਰ ਕਿਰਨ ਖੇਰ ਦੇ ਪ੍ਰਾਈਵੇਟ ਪੀ. ਏ. ਸਮੇਤ ਤਿੰਨ ਲੋਕਾਂ ਨਾਲ ਬੈਂਕ ਕਰਮਚਾਰੀ ਬਣ ਕੇ ਉਨ੍ਹਾਂ ਦੇ ਓ. ਟੀ. ਪੀ. ਹਾਸਲ ਕਰ ਕੇ ਲੱਖਾਂ ਰੁਪਏ ਦੀ ਠੱਗੀ ਕਰ ਲਈ। ਸੰਸਦ ਮੈਂਬਰ ਦੇ ਪੀ. ਏ. ਓਮਕਾਂਤ ਤਿਵਾੜੀ ਦੇ ਖਾਤੇ 'ਚੋਂ 74,508, ਸੈਕਟਰ 43 ਨਿਵਾਸੀ ਅਰੁਣ ਦੀਵਾਨ ਦੇ ਪੇ. ਟੀ. ਐੱਮ. ਖਾਤੇ 'ਚੋਂ 74,980 ਰੁਪਏ ਅਤੇ ਮਲੋਆ ਨਿਵਾਸੀ ਜੋਤੀ ਦੇ ਖਾਤੇ 'ਚੋਂ 2,29,000 ਰੁਪਏ ਕੱਢਵਾ ਲਏ। ਉਕਤ ਤਿੰਨਾਂ ਲੋਕਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਸੈਕਟਰ 3, 36 ਅਤੇ ਮਲੋਆ ਪੁਲਸ ਥਾਣੇ 'ਚ ਧੋਖਾਦੇਹੀ, ਸਾਜ਼ਿਸ਼ ਰਚਣ ਅਤੇ ਆਈ. ਟੀ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਸਾਈਬਰ ਸੈੱਲ ਅਤੇ ਥਾਣਾ ਪੁਲਸ ਠੱਗੀ ਕਰਨ ਵਾਲੇ ਗਿਰੋਹ ਦੀ ਭਾਲ ਕਰਨ 'ਚ ਲੱਗੇ ਹੋਏ ਹਨ। ਹੈਰਾਨੀ ਇਹ ਹੈ ਕਿ ਸੰਸਦ ਮੈਂਬਰ ਦੇ ਪੀ. ਏ. ਨੇ ਠੱਗੀ ਦੀ ਸ਼ਿਕਾਇਤ ਜਨਵਰੀ 2019 ਨੂੰ ਦਿੱਤੀ ਸੀ ਜਦੋਂਕਿ ਚੰਡੀਗੜ੍ਹ ਪੁਲਸ ਨੇ ਮਾਮਲਾ ਇਕ ਸਾਲ ਬਾਅਦ 19 ਫਰਵਰੀ 2020 ਨੂੰ ਦਰਜ ਕੀਤਾ।

ਡੈਬਿਟ ਕਾਰਡ ਐਕਟਿਵ ਕਰਨ ਦਾ ਝਾਂਸਾ ਦੇ ਕੇ ਕੀਤੀ ਠੱਗੀ
ਮੋਹਾਲੀ ਫੇਜ਼ 6 ਨਿਵਾਸੀ ਓਮਕਾਂਤ ਤਿਵਾੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਪ੍ਰਾਈਵੇਟ ਸੈਕਟਰੀ ਹੈ। ਉਸ ਦਾ ਅਕਾਊਂਟ ਸਟੇਟ ਬੈਂਕ ਆਫ ਇੰਡੀਆ 'ਚ ਹੈ। 22 ਜਨਵਰੀ 2019 ਨੂੰ 11:26 ਮਿੰਟ 'ਤੇ ਉਸ ਦੇ ਮੋਬਾਇਲ ਫੋਨ 'ਤੇ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਸਟੇਟ ਬੈਂਕ ਆਫ ਇੰਡੀਆ ਦਾ ਕਰਮਚਾਰੀ ਰਾਜਬੀਰ ਦੱਸਿਆ। ਉਸ ਨੇ ਦੱਸਿਆ ਕਿ ਉਹ ਸੈਕਟਰ 9 ਦੀ ਬ੍ਰਾਂਚ ਤੋਂ ਬੋਲ ਰਿਹਾ ਹੈ। ਰਾਜਬੀਰ ਨੇ ਉਸ ਤੋਂ ਨਵਾਂ ਡੈਬਿਟ ਕਾਰਡ ਸ਼ੁਰੂ ਕਰਨ ਲਈ ਏ. ਟੀ. ਐੱਮ. ਕਾਰਡ ਦੀ ਡਿਟੇਲ ਮੰਗੀ। ਉਨ੍ਹਾਂ ਨੇ ਡਿਟੇਲ ਬੈਂਕ ਕਰਮਚਾਰੀ ਨੂੰ ਦੇ ਦਿੱਤੀ। ਇਸ ਤੋਂ ਬਾਅਦ 11:38 ਮਿੰਟ 'ਤੇ ਦੁਬਾਰਾ ਤੋਂ ਐੱਸ. ਬੀ. ਆਈ. ਕਰਮਚਾਰੀ ਦੀ ਕਾਲ ਆਈ ਅਤੇ ਡਿਟੇਲ ਹਾਸਲ ਕੀਤੀ। ਥੋੜ੍ਹੀ ਦੇਰ ਬਾਅਦ ਬੈਂਕ ਕਰਮਚਾਰੀ ਦੀ 11:41 ਮਿੰਟ ਅਤੇ 11:46 ਮਿੰਟ 'ਤੇ ਕਾਲ ਆਈ ਉਨ੍ਹਾਂ ਨੇ ਓ. ਟੀ. ਪੀ. ਪੁੱਛਿਆ ਤਾਂ ਉਸ ਨੇ ਦੱਸ ਦਿੱਤਾ। ਕੁਝ ਮਿੰਟ ਬਾਅਦ ਉਸ ਦੇ ਮੋਬਾਇਲ ਫੋਨ 'ਤੇ ਮੈਸੇਜ ਆਇਆ, ਜਦੋਂ ਉਸ ਨੇ ਮੈਸੇਜ ਖੋਲ੍ਹਿਆ ਤਾਂ ਹੈਰਾਨ ਹੋ ਗਿਆ। ਉਸ ਦੇ ਖਾਤੇ 'ਚੋਂ 49,511 ਰੁਪਏ, 9,999, 9,999 ਅਤੇ 4,999 ਰੁਪਏ ਨਿਕਲੇ ਹੋਏ ਸਨ। ਓਮਕਾਂਤ ਤਿਵਾੜੀ ਨੇ ਦੱਸਿਆ ਕਿ ਬੈਂਕ ਕਰਮਚਾਰੀ ਬਣ ਕੇ ਗਿਰੋਹ ਨੇ ਉਸ ਦੇ ਖਾਤੇ ਤੋਂ 74,508 ਰੁਪਏ ਕੱਢਵਾ ਲਏ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਚੰਡੀਗੜ੍ਹ ਪੁਲਸ ਇਕ ਸਾਲ ਤੱਕ ਜਾਂਚ ਕਰਦੀ ਰਹੀ ਅਤੇ ਕਰੀਬ ਇਕ ਸਾਲ ਬਾਅਦ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ ਹੈ।

ਪੇ. ਟੀ. ਐੱਮ. ਕੇ. ਵਾਈ. ਸੀ. ਦੇ ਨਾਂ 'ਤੇ ਠੱਗੀ
ਸੈਕਟਰ 43 ਨਿਵਾਸੀ ਅਰੁਣ ਦੀਵਾਨ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਟ੍ਰਾਂਜ਼ੈਕਸ਼ਨ ਨੂੰ ਲੈ ਕੇ ਮੋਬਾਇਲ ਫੋਨ 'ਤੇ ਪੇ. ਟੀ. ਐੱਮ. ਬਣਾਇਆ ਹੋਇਆ ਹੈ। ਉਨ੍ਹਾਂ ਨੇ ਪੇ. ਟੀ. ਐੱਮ. ਦੀ ਕੇ. ਵਾਈ. ਸੀ. ਅਪਡੇਟ ਕਰਵਾਉਣੀ ਸੀ। ਉਸ ਨੇ ਮੋਬਾਇਲ 'ਤੇ ਪੇ. ਟੀ. ਐੱਮ. ਦੀ ਕੇ. ਵਾਈ. ਸੀ. ਨੂੰ ਲੈ ਕੇ ਫੋਨ ਆਇਆ। ਕੇ. ਵਾਈ. ਸੀ. ਕਰਨ ਵਾਲੇ ਨੇ ਪੇ. ਟੀ. ਐੱਮ. ਖਾਤੇ 'ਚ ਇਕ ਰੁਪਏ ਟ੍ਰਾਂਜ਼ੈਕਸ਼ਨ ਕਰਨ ਲਈ ਕਿਹਾ। ਅਰੁਣ ਦੀਵਾਨ ਨੇ ਇਕ ਰੁਪਏ ਟ੍ਰਾਂਜ਼ੈਕਸ਼ਨ ਕਰ ਦਿੱਤੇ। ਥੋੜ੍ਹੀ ਦੇਰ ਬਾਅਦ ਉਸ ਦੇ ਪੇ. ਟੀ. ਐੱਮ. ਖਾਤੇ 'ਚੋਂ 74,980 ਰੁਪਏ ਦੀ ਟ੍ਰਾਂਜ਼ੈਕਸ਼ਨ ਵੱਖ-ਵੱਖ ਖਾਤੇ 'ਚ ਹੋ ਗਈ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ 36 ਥਾਣਾ ਪੁਲਸ ਨੇ ਅਣਪਛਾਤੇ ਠੱਗਾਂ ਖਿਲਾਫ ਧੋਖਾਦੇਹੀ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ।

ਬੈਂਕ ਕਰਮਚਾਰੀ ਲੜਕੀ ਦੇ ਖਾਤੇ 'ਚੋਂ ਲੱਖਾਂ ਉਡਾਏ
ਮਲੋਆ ਨਿਵਾਸੀ ਜੋਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਖਾਤਾ ਪੀ. ਐੱਨ. ਬੀ. ਬੈਂਕ 'ਚ ਹੈ। ਉਸ ਦੇ ਮੋਬਾਇਲ 'ਤੇ ਦਿੱਲੀ ਅਤੇ ਨੋਇਡਾ ਸਥਿਤ ਕਸਟਮਰ ਕੇਅਰ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ ਬੈਂਕਕਰਮੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬੈਂਕ ਡਿਟੇਲ ਅਪਗ੍ਰੇਡ ਕਰਨ ਲਈ ਉਨ੍ਹਾਂ ਨੂੰ ਆਧਾਰ ਕਾਰਡ, ਏ. ਟੀ. ਐੱਮ. ਕਾਰਡ ਦੀ ਡਿਟੇਲ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੋਬਾਇਲ 'ਤੇ ਓ. ਟੀ. ਪੀ. ਨੰਬਰ ਪੁੱਛਿਆ ਤਾਂ ਜੋਤੀ ਨੇ ਦੱਸ ਦਿੱਤਾ। ਬਸ ਥੋੜ੍ਹੀ ਦੇਰ ਬਾਅਦ ਜੋਤੀ ਦੇ ਖਾਤੇ 'ਚੋਂ 2,29,000 ਰੁਪਏ ਨਿਕਲਣ ਦਾ ਮੈਸੇਜ ਆਇਆ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਬੈਂਕ ਸਟਾਫ ਅਤੇ ਪੁਲਸ ਨੂੰ ਦਿੱਤੀ। ਸਾਈਬਰ ਸੈਲ ਨੇ ਮਾਮਲੇ ਦੀ ਜਾਂਚ ਕਰ ਕੇ ਮਲੋਆ ਥਾਣੇ 'ਚ ਅਣਪਛਾਤੇ 'ਤੇ ਮਾਮਲਾ ਦਰਜ ਕਰਵਾਇਆ।

Anuradha

This news is Content Editor Anuradha