ਤੇਜ਼ ਰਫਤਾਰ ਕਾਰ ਰੇਲਵੇ ਹਸਪਤਾਲ ਦੇ ਗੇਟ ਨਾਲ ਟਕਰਾਈ

Friday, Feb 09, 2018 - 07:15 AM (IST)

ਤੇਜ਼ ਰਫਤਾਰ ਕਾਰ ਰੇਲਵੇ ਹਸਪਤਾਲ ਦੇ ਗੇਟ ਨਾਲ ਟਕਰਾਈ

ਜਲੰਧਰ, (ਗੁਲਸ਼ਨ)— ਵੀਰਵਾਰ ਸਿਟੀ ਰੇਲਵੇ ਸਟੇਸ਼ਨ ਵੱਲ ਆ ਰਹੀ ਤੇਜ਼ ਰਫਤਾਰ ਆਈ. 20 ਕਾਰ ਫੁੱਟਪਾਥ 'ਤੇ ਚੜ੍ਹ ਕੇ ਰੇਲਵੇ ਹਸਪਤਾਲ ਦੇ ਗੇਟ ਨਾਲ ਬਣੇ ਪਿੱਲਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੇਟ ਦਾ ਪਿੱਲਰ ਤੇ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੇ ਗਏ। ਉਥੇ ਟੱਕਰ ਦੇ ਸਮੇਂ ਕਾਰ ਦਾ ਏਅਰਬੈਗ ਖੁੱਲ੍ਹ ਗਿਆ, ਜਿਸ ਨਾਲ ਡਰਾਈਵਰ ਦੀ ਜਾਨ ਬਚ ਗਈ।
ਘਟਨਾ ਮੌਕੇ ਕਾਰ ਚਾਲਕ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਹਾੜੀ ਗੇਟ ਬਟਾਲਾ ਨੇ ਦੱਸਿਆ ਕਿ ਉਹ ਬਟਾਲਾ 'ਚ ਫੈਕਟਰੀ ਚਲਾਉਂਦੇ ਹਨ। ਜਲੰਧਰ ਦੇ ਲੰਮਾ ਪਿੰਡ ਚੌਕ ਦੇ ਕੋਲ ਉਨ੍ਹਾਂ ਦੀ ਫਲੋਰ ਮਿੱਲ 'ਚ ਕੰਮ ਚੱਲ ਰਿਹਾ ਸੀ। ਉਸਨੇ ਕਿਹਾ ਕਿ ਉਹ ਉਥੋਂ ਲਾਡੋਵਾਲੀ ਰੋਡ 'ਤੇ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਨਿਕਲਿਆ ਸੀ ਪਰ ਰਸਤੇ 'ਚ ਅਚਾਨਕ ਉਨ੍ਹਾਂ ਦੀ ਕਾਰ ਓਵਰ ਕੰਟਰੋਲ ਹੋ ਕੇ ਫੁੱਟਪਾਥ 'ਤੇ ਚੜ੍ਹ ਕੇ ਰੇਲਵੇ ਹਸਪਤਾਲ ਗੇਟ ਦੇ ਪਿੱਲਰ ਨਾਲ ਟਕਰਾ ਗਈ। ਬਲਵਿੰਦਰ ਨੇ ਕਿਹਾ ਕਿ ਪਤਾ ਨਹੀਂ ਕਦੋਂ ਉਸ ਦੀ ਝਪਕੀ ਲੱਗੀ, ਜਾਂ ਕੁਝ ਹੋਰ ਹੋਇਆ ਮੈਨੂੰ ਕੁਝ ਨਹੀਂ ਪਤਾ। ਉਸ ਨੇ ਕਿਹਾ ਕਿ ਉਹ ਰੋਜ਼ਾਨਾ 200 ਕਿਲੋਮੀਟਰ ਕਾਰ ਚਲਾਉਂਦਾ ਹੈ ਪਰ ਕਦੇ ਵੀ ਅਜਿਹਾ ਨਹੀਂ ਹੋਇਆ।
PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਇੰਜਨੀਅਰਿੰਗ ਵਿਭਾਗ ਦੇ ਐੱਸ. ਐੱਸ. ਈ. ਰਾਜੇਸ਼ ਸ਼ਰਮਾ ਤੇ ਆਰ. ਪੀ. ਐੱਫ. ਦੇ ਏ. ਐੱਸ.ਆਈ. ਬਲਜੀਤ ਸਿੰਘ ਸਟਾਫ ਨਾਲ ਮੌਕੇ 'ਤੇ ਪਹੁੰਚੇ ਤੇ ਕਾਰ ਚਾਲਕ ਕੋਲੋਂ ਪੁੱਛਗਿੱਛ ਕੀਤੀ। ਰੇਲਵੇ ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਗੇਟ 'ਤੇ ਹੀ ਖੜ੍ਹੇ ਸਨ ਤੇ 2 ਮਿੰਟ ਪਹਿਲਾਂ ਅੰਦਰ ਗਏ ਸਨ ਕਿ ਇਸ ਦੌਰਾਨ ਹਾਦਸਾ ਹੋ ਗਿਆ। ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ ਉਸ ਨੂੰ ਸਾਈਡ 'ਤੇ ਵੀ ਨਹੀਂ ਕਰ ਸਕਿਆ, ਜਿਸ ਨੂੰ ਕਰੇਨ ਦੀ ਸਹਾਇਤਾ ਨਾਲ ਉਥੋਂ ਹਟਾਇਆ ਗਿਆ।
5 ਦਿਨ ਪਹਿਲਾਂ ਖਤਮ ਹੋਈ ਸੀ ਕਾਰ ਦੀ ਇੰਸ਼ੋਰੈਂਸ
ਕਾਰ ਚਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ 3 ਫਰਵਰੀ ਨੂੰ ਉਨ੍ਹਾਂ ਦੀ ਕਾਰ ਦੀ ਇੰਸ਼ੋਰੈਂਸ ਖਤਮ ਹੋਈ ਸੀ।  ਅਜੇ ਇੰਸ਼ੋਰੈਂਸ ਰੀਨਿਊ ਕਰਵਾਉਣੀ ਸੀ ਕਿ ਇਹ ਹਾਦਸਾ ਵਾਪਰ ਗਿਆ।


Related News