ਪਰਨੀਤ ਕੌਰ ’ਤੇ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਮਚਿਆ ਬਵਾਲ, ਪੀ. ਐੱਲ. ਸੀ. ਵਲੋਂ ਆਈ ਤਿੱਖੀ ਪ੍ਰਤੀਕਿਰਿਆ
Monday, May 09, 2022 - 08:38 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਸੰਸਦ ਮੈਂਬਰ ਪਰਨੀਤ ਕੌਰ ਸਬੰਧੀ ਦਿੱਤੇ ਬਿਆਨ ਦਾ ਮਾਮਲਾ ਗਰਮਾਉਣ ਲੱਗਾ ਹੈ। ਦਰਅਸਲ ਰਾਜਾ ਵੜਿੰਗ ਨੇ ਕਿਹਾ ਸੀ ਕਿ ਬਤੌਰ ਪੰਜਾਬ ਪ੍ਰਧਾਨ ਉਹ ਸਪੱਸ਼ਟ ਕਰਦੇ ਹਨ ਕਿ ਸੰਸਦ ਮੈਂਬਰ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਪਰਨੀਤ ਕੌਰ ਤਕਨੀਕੀ ਤੌਰ ’ਤੇ ਕਾਂਗਰਸ ਵਿਚ ਹਨ, ਉਂਝ ਉਹ ਪਾਰਟੀ ’ਚ ਨਹੀਂ। ਪਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰੀਤਪਾਲ ਸਿੰਘ ਬਲਿਆਂਵਾਲ ਨੇ ਵੜਿੰਗ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਰਾਜਾ ਵੜਿੰਗ ਵਿਚ ਜੇਕਰ ਹਿੰਮਤ ਹੈ ਤਾਂ ਪਰਨੀਤ ਕੌਰ ਨੂੰ ਪਾਰਟੀ ਤੋਂ ਕੱਢ ਕੇ ਦਿਖਾਉਣ। ਸਾਡਾ ਇਹੀ ਕਹਿਣਾ ਹੈ ਕਿ ਸਿਰਫ਼ ਕਹੋ ਨਾ, ਕੱਢ ਕੇ ਦਿਖਾਓ।
ਇਹ ਵੀ ਪੜ੍ਹੋ : ਕਾਂਗਰਸ ਨਾਲ ਤਲਖ਼ੀ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਭਲਕੇ ਮੁਲਾਕਾਤ ਕਰਨਗੇ ਨਵਜੋਤ ਸਿੱਧੂ
ਪਹਿਲਾਂ ਵੀ ਹਰੀਸ਼ ਚੌਧਰੀ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਸੀ ਪਰ ਪੰਜਾਬ ਕਾਂਗਰਸ ਕਮੇਟੀ ਉਨ੍ਹਾਂ ਨੂੰ ਨੋਟਿਸ ਦੇ ਹੀ ਨਹੀਂ ਸਕਦੀ। ਬਲਿਆਂਵਾਲ ਨੇ ਕਿਹਾ ਕਿ ਪਰਨੀਤ ਕੌਰ ਏ. ਆਈ. ਸੀ. ਸੀ. ਦੇ ਮੈਂਬਰ ਹਨ, ਸੰਸਦ ਮੈਂਬਰ ਹਨ ਅਤੇ ਸੰਸਦੀ ਬੋਰਡ ਦੇ ਵੀ ਮੈਂਬਰ ਹਨ। ਅਜਿਹੇ ਵਿਚ ਜੋ ਵੀ ਕਾਰਵਾਈ ਕਰਨੀ ਹੈ, ਉਹ ਹਾਈਕਮਾਨ ਨੇ ਹੀ ਕਰਨੀ ਹੈ। ਪਰਨੀਤ ਕੌਰ ਤਾਂ ਪਿਛਲੇ ਦਿਨੀਂ ਕਾਂਗਰਸ ਸੰਸਦੀ ਦਲ ਦੀ ਨਵੀਂ ਦਿੱਲੀ ਵਿਚ ਹੋਈ ਬੈਠਕ ਵਿਚ ਵੀ ਸ਼ਾਮਲ ਹੋਏ ਸਨ ਅਤੇ ਸੋਨੀਆ ਗਾਂਧੀ ਵੱਲੋਂ ਦਿੱਤੇ ਗਏ ਲੰਚ ’ਤੇ ਵੀ ਮੌਜੂਦ ਸਨ। ਅਜਿਹੇ ਵਿਚ ਰਾਜਾ ਵੜਿੰਗ ਜਾਂ ਤਾਂ ਹਾਈਕਮਾਨ ਤੋਂ ਉਤੇ ਹਨ ਜਾਂ ਫਿਰ ਹਾਈਕਮਾਨ ਦੀ ਅਥਾਰਿਟੀ ਨੂੰ ਚੁਣੌਤੀ ਦੇ ਰਹੇ ਹਨ।
ਇਹ ਵੀ ਪੜ੍ਹੋ : ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਮਾਸੂਮ ਧੀ, ਇੰਝ ਉਜੜੀਆਂ ਖੁਸ਼ੀਆਂ ਸੋਚਿਆ ਨਾ ਸੀ
ਪਰਨੀਤ ਕੌਰ ਨੂੰ ਪਾਰਟੀ ’ਚੋਂ ਕੱਢਣ ਦਾ ਜਾਰੀ ਪੱਤਰ ਦਿਖਾਉਣ ਵੜਿੰਗ
ਬਲਿਆਂਵਾਲ ਨੇ ਕਿਹਾ ਕਿ ਰਾਜਾ ਵੜਿੰਗ ਜੇਕਰ ਹੁਣ ਅਜਿਹਾ ਬਿਆਨ ਦੇ ਰਹੇ ਹਨ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਤਾਂ ਉਹ ਉਨ੍ਹਾਂ ਨੂੰ ਪਾਰਟੀ ਤੋਂ ਕੱਢਣ ਦਾ ਜਾਰੀ ਹੋਇਆ ਪੱਤਰ ਦਿਖਾਉਣ, ਸਿਰਫ਼ ਕੋਰੀ ਬਿਆਨਬਾਜ਼ੀ ਨਾ ਕਰਨ। ਅਸੀਂ ਤਾਂ ਉਸ ਨੂੰ ਚੁਣੌਤੀ ਦਿੱਤੀ ਹੈ ਕਿ ਬਿਆਨਬਾਜ਼ੀ ਦੀ ਬਜਾਏ ਕੁੱਝ ਕਰ ਕੇ ਦਿਖਾਉਣ। ਪਰਨੀਤ ਕੌਰ ’ਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਲਗਾ ਕੇ ਵੜਿੰਗ ਅਜਿਹੇ ਬਿਆਨ ਦੇ ਰਹੇ ਹਨ, ਜਦ ਕਿ ਹਾਈਕਮਾਨ ਉਨ੍ਹਾਂ ਨੂੰ ਸੰਸਦੀ ਦਲ ਦੀ ਮੀਟਿੰਗ ਵਿਚ ਸੱਦ ਰਿਹਾ ਹੈ।
ਇਹ ਵੀ ਪੜ੍ਹੋ : ਪਰਨੀਤ ਕੌਰ ਨੂੰ ਲੈ ਕੇ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?