400 ਸਾਲਾ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ

Friday, Apr 30, 2021 - 01:36 PM (IST)

400 ਸਾਲਾ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਸੰਮਤ 1678 ਮੁਤਾਬਿਕ ਪਹਿਲੀ ਮਈ 1621ਈ: ਨੂੰ ਮਾਤਾ ਨਾਨਕੀ ਜੀ ਦੇ ਗ੍ਰਹਿ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸੀ। ਗੁਰੂ ਜੀ ਦੇ ਅਵਤਾਰ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਅਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਲਕ ਦੇ ਜਨਮ ਬਾਰੇ ਸੂਚਨਾ ਦਿੱਤੀ ਗਈ ਤਾਂ ਗੁਰੂ ਜੀ ਉਪਰੰਤ ਗੁਰੂ ਕੇ ਮਹਿਲ ਪਹੁੰਚੇ। ਜਦੋਂ ਛੇਵੇਂ ਪਾਤਸ਼ਾਹ ਜੀ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ। ਗੁਰੂ ਦਾ ਨਿਰਾਲਾ ਕਰਮ ਦੇਖ ਕੇ ਭਾਈ ਬਿਧੀ ਚੰਦ ਜੀ ਨੇ ਪੁੱਛਿਆ ਕਿ ਬਾਲਕ ਨੂੰ ਨਮਸਕਾਰ ਕਰਨ ਦਾ ਕੀ ਕਾਰਨ ਹੈ? ਗੁਰ ਬਿਲਾਸ ਪਾਤਸ਼ਾਹੀ ਛੇਂਵੀ ਅਨੁਸਾਰ:-

'ਤਬ ਗੁਰ ਸਿਸ ਕੋ ਬੰਦਨ ਕੀਨੀ ਅਤਿ ਹਿਤ ਲਾਇ।
ਬਿਧੀਆ ਕਹਿ ਕਸ ਬਿਨਤਿ ਕੀ ਕਹੋ ਮੋਹਿ ਸਤਿ ਭਾਇ। (੧੦੩੧) ਅਧਿਆਇ੯ *1

ਉਸ ਸਮੇਂ ਗੁਰੂ ਜੀ ਦਾ ਨਾਮ ਤਿਆਗ ਮੱਲ ਰਖਿਆ ਗਿਆ। ਸ੍ਰੀ (ਗੁਰੂ) ਤੇਗ ਬਹਾਦਰ ਜੀ ਦੀ ਪੜ੍ਹਾਈ ਲਿਖਾਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੀ ਹੋਈ। ਗੁਰੂ ਜੀ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ-ਨਾਲ ਸ਼ਸਤਰ ਦੀ ਵਰਤੋਂ ਅਤੇ ਸਵਾਰੀ ਆਦਿ ਦੀ ਸਿਖਲਾਈ ਵੀ ਕਰਵਾਈ ਗਈ। 

ਅਮਲੀ ਜੀਵਨ ਨੂੰ ਕਿੰਨਾਂ ਉਚਾ ਸਥਾਨ ਦਿੰਦੇ ਸੀ, ਇਸ ਦੀ ਉਦਾਹਰਨ ਸਾਡੇ ਸਾਖੀਕਾਂਰਾ ਨੇ ਦਿੱਤੀ ਹੈ। ਇੱਕ ਵਾਰੀ ਗੁਰੂ ਤੇਗ ਬਹਾਦਰ ਜੀ ਕੋਲ ਉਨ੍ਹਾਂ ਦੇ ਇੱਕ ਦੋਸਤ ਦੀ ਮਾਂ ਆਈ ਅਤੇ ਉਨ੍ਹਾਂ ਦੀ ਮਾਂ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਆਪਣੇ ਹਾਣੀ ਨੂੰ ਸਮਝਾਉਣ, ਇਹ ਗੁੜ ਬਹੁਤ ਖਾਂਦਾ ਐਂ। ਗੁਰੂ ਜੀ ਨੇ ਮਾਂ ਨੂੰ ਕੁਝ ਦਿਨਾਂ ਬਾਅਦ ਆਉਣ ਲਈ ਕਿਹਾ। ਜਦੋ ਕੁਝ ਦਿਨਾਂ ਬਾਅਦ ਮਾਂ ਅਤੇ ਗੁਰੂ ਜੀ ਦਾ ਦੋਸਤ ਆਇਆ ਤਾਂ ਗੁਰੂ ਜੀ ਨੇ ਆਪਣੇ ਦੋਸਤ ਨੂੰ ਕਿਹਾ : 
ਮਿੱਤਰਾ! ਗੁੜ ਨਹੀ ਖਈਦਾ। 

ਮਾਂ ਨੇ ਕਿਹਾ -ਇਹ ਤਾਂ ਤੁਸੀ ਉਸ ਦਿਨ ਵੀ ਕਹਿ ਸਕਦੇ ਸੀ। ਉਸ ਸਮੇਂ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਉਨ੍ਹਾਂ ਦਿਨਾਂ ਵਿੱਚ ਮੈ ਗੁਰੂ ਵੀ ਖਾਂਦਾ ਸੀ। ਹੁਣ ਛੱਡਿਆ ਹੈ ਤਾਂ ਕਹਿਣ ਦੇ ਯੋਗ ਹੋਇਆ ਹਾਂ ।*2

ਗੁਰੂ ਜੀ ਕਿਸੇ ਦੁਖੀ ਨੂੰ ਦੇਖਦੇ ਤਾਂ ਅੱਗੇ ਹੋ ਕੇ ਉਸਦੀ ਸੇਵਾ ਕਰਦੇ ਸਨ। ਇੱਕ ਵਾਰੀ ਆਪਣੀ ਪੁਸ਼ਾਕ ਹੀ ਗਰੀਬ ਬੱਚੇ ਨੂੰ ਦੇ ਆਏ ਸਨ। ਜਦੋਂ ਮਾਂ ਨੇ ਕਿਹਾ : 
ਪੁੱਤ! ਇਹ ਕੀ ? ਤਾਂ ਗੁਰੂ ਜੀ ਫਰਮਾਇਆ : ਮਾਂ ਉਸ ਨੂੰ ਤਾਂ ਕਿਸੇ ਨੇ ਦੇਣੀ ਨਹੀਂ, ਤੇ ਤੁਸੀਂ ਮੈਨੂੰ ਹੋਰ ਲੈ ਦੇਵੋਗੇ।

ਤਵਾਰੀਖ ਗੁਰੂ ਖਾਲਸਾ ਪਾਤਸ਼ਾਹੀ ਨੌਵੀ 'ਚ ਲਿਖਿਆ ਮਿਲਦਾ ਹੈ "ਕਿ ਆਪ ਕਿਸੇ ਸਵਾਲੀ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ। ਇਕ ਵਾਰ ਬਸਤ੍ਰ,ਸ਼ਸਤਰ, ਭੂਖਨ ਇਕ ਡੂੰਮ ਨੂੰ ਦੇ ਆਏ।"*3
ਤਕਰੀਬਨ 13 ਸਾਲ ਦੇ ਹੀ ਹੋਏ ਸਨ ਕਿ ਗੁਰੂ ਜੀ ਦਾ ਵਿਆਹ ਭਾਈ ਲਾਲ ਚੰਦ ਕਰਤਾਰਪੁਰ (ਜਲੰਧਰ) ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਜਦੋਂ ਲਾਲ ਚੰਦ ਨੇ ਬੜੀ ਨਿਮਰਤਾ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਉਸ ਕੋਲ ਦੇਣ ਲਈ ਕੁਝ ਨਹੀਂ ਤਾਂ ਗੁਰੂ ਜੀ ਨੇ ਕਿਹਾ: 
ਲਾਲ ਚੰਦ ਜਿੰਨਾਂ ਬੱਚੀ ਦੇ ਦਿਤੀ ਉਨ੍ਹਾਂ ਸਭ ਕੁਝ ਦੇ ਦਿਤਾ।

ਕਰਤਾਰਪੁਰ ਦੀ ਚੌਥੀ ਜੰਗ ਵਿੱਚ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀ ਸੀ। ਉਸ ਵਿੱਚ (ਗੁਰੂ) ਤੇਗ਼ ਬਹਾਦਰ ਜੀ ਨੇ ਖਾਸ ਹਿੱਸਾ ਲਿਆ, ਉਸ ਵੇਲੇ ਤਕਰੀਬਨ ਗੁਰੂ ਜੀ ਦੀ ਉਮਰ ਤੇਰਾਂ ਕੁ ਸਾਲ ਦੀ ਸੀ ਪਰ ਜਿਸ ਦਲੇਰੀ ਅਤੇ ਫੁਰਤੀ ਨਾਲ ਗੁਰੂ ਜੀ ਲੜੇ ਉਸ ਨੇ ਇੱਕ ਚੰਗੇ ਯੋਧੇ ਵਾਲਾ ਭਵਿੱਖ ਦਰਸਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਗ ਮੱਲ ਨੂੰ 'ਤੇਗ ਬਹਾਦਰ ਕਹਿ' ਕੇ ਸਨਮਾਨਿਆ। ਕਰਤਾਰਪੁਰ ਦੀ ਚੌਥੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਿਤਾਬ ਵਜੋਂ ਉਨ੍ਹਾਂ ਦੀ ਕਮਾਲ, ਹੁਸ਼ਿਆਰੀ ਤੇ ਜੰਗੀ ਬਹਾਦਰੀ ਦੇਖ ਕੇ ਫ਼ਰਮਾਇਆ ਤੂੰ ਤਿਆਗ ਮੱਲ ਨਹੀਂ ਤੇਗ਼ ਬਹਾਦਰ ਹੈ।
ਗੁਰੂ ਜੀ ਦਾ ਗ੍ਰਹਿਸਥੀ ਜੀਵਨ ਬੜਾ ਸਾਦਾ ਤੇ ਪਵਿੱਤਰ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਛੋਟੇ ਪੋਤਰੇ ਸ੍ਰੀ ਹਰਿ ਰਾਇ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਪੂਰੀ ਤਰਾਂ ਯੋਗ ਜਾਣਕੇ 3 ਮਾਰਚ 1644 ਈ: ਨੂੰ ਸੱਤਵੀਂ ਪਾਤਸ਼ਾਹੀ ਥਾਂਵੇ ਗੁਰਤਾ ਗੱਦੀ ਦਾ ਵਾਰਸ ਬਣਾ ਦਿਤਾ।
ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਜੀ ਆਪਣੇ ਮਾਤਾ ਜੀ ਤੇ ਆਪਣੀ ਸੁਪਤਨੀ ਨੂੰ ਨਾਲ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਸਨ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਗੁਰਿਆਈ ਦੇ ਸਮੇਂ ਦੌਰਾਨ ਹਿੰਦ ਦੇਸ਼ ਵਿੱਚ ਦੋ ਬਾਦਸ਼ਾਹ ਹੋਏ ਸਨ, ਸ਼ਾਹਜਹਾਨ ਹਿੰਦ ਦਾ ਬਾਦਸ਼ਾਹ ਰਿਹਾ, ਜਦਕਿ 1658 ਈ ਤੋਂ ਬਾਅਦ ਔਰੰਗਜ਼ੇਬ ਦਾ ਅਹਿਦ ਸ਼ੁਰੂ ਹੋ ਗਿਆ ਸੀ। ਸ੍ਰੀ (ਗੁਰੂ )ਤੇਗ ਬਹਾਦਰ ਸਾਹਿਬ ਜੀ ਨੇ ਇਹ ਸਮਾਂ ਆਪਣੇ ਗੁਰੂ ਪਿਤਾ ਹੁਕਮ ਮੁਤਾਬਕ ਆਪਣੇ ਨਾਨਕੇ ਬਕਾਲੇ ਤੋਂ ਆਰੰਭ ਕੀਤਾ ਸੀ। ਗੁਰੂ ਜੀ ਆਪਣੀ ਮਾਤਾ ਨਾਨਕੀ ਅਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਘਰ ਰਹੇ । ਇੱਥੇ ਇੱਕ ਸਿੱਖ ਭਾਈ ਮਹਿਰਾ ਸੀ ਜੋ ਬੜਾ ਧਨੀ ਅਤੇ ਗੁਰੂ ਜੀ ਦੇ ਮਹਾਨ ਗੁਣਾਂ ਨੂੰ ਦੇਖ ਕੇ ਗੁਰੂ ਜੀ ਦੀ ਸੇਵਾ ਤੇ ਸੰਗਤ ਕਰਨ ਲਈ ਆਉਂਦਾ ਸੀ। ਗੁਰੂ ਜੀ ਨੇ ਭਜਨ ਬੰਦਗੀ ਦੇ ਨਾਲ ਕੀਰਤਪੁਰ ਸਾਹਿਬ, ਮਾਲਵਾ,   ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ 'ਚ ਸਿੱਖੀ ਦਾ ਪ੍ਰਚਾਰ ਆਪਣੀ ਮਾਤਾ ਜੀ ,ਧਰਮ ਪਤਨੀ ਅਤੇ ਰਿਸ਼ਤੇ ਵਿੱਚ ਲਗਦੇ ਆਪਣੇ ਸਾਲੇ ਕਿਰਪਾਲ ਚੰਦ ਤੇ ਹੋਰ ਸਿੱਖਾਂ ਨਾਲ ਕੀਤਾ।
ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫਲਸਫ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਸਨਿਆਸੀਆਂ ,ਜੋਗੀਆਂ, ਵਾਲੇ ਏਕਾਂਤੀ ਜੀਵਨ ਦੇ ਕਾਇਲ ਨਹੀਂ ਸਨ । ਬਕਾਲੇ ਵਿਖੇ ਸ੍ਰੀ ਤੇਗ ਬਹਾਦਰ ਜੀ ਦੇ ਸਾਲੇ ਕਿਰਪਾਲ ਚੰਦ ਕਈ ਵਾਰੀ ਆਪਣੀ ਭੈਣ ਗੁਜਰੀ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰ (ਗੁਰੂ) ਤੇਗ ਬਹਾਦਰ ਸਾਹਿਬ ਜੀ ਕਿਰਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ ।
ਕਿਰਪਾਲ ਚੰਦ ਗੁਰੂ ਹਰ ਰਾਇ ਸਾਹਿਬ ਜੀ ਦੇ 2200 ਘੋੜ ਸਵਾਰਾਂ ਦੀ ਫੌਜੀ ਟੁਕੜੀ ਵਿਚ ਤਾਇਨਾਤ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਕ੍ਰਿਪਾਲ ਚੰਦ ਨੂੰ ਮਿਲਣ ਲਈ ਜਾਂਦੇ ਤਾਂ ਉਹ ਲਾਜ਼ਮੀ ਤੌਰ ’ਤੇ ਗੁਰੂ ਹਰ ਰਾਏ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਸਨ। ਗੁਰੂ ਹਰਿਰਾਏ ਸਾਹਿਬ ਜੀ (ਗੁਰੂ) ਤੇਗ ਬਹਾਦਰ ਜੀ ਦੇ ਭਤੀਜੇ ਸਨ ।
6 ਅਕਤੂਬਰ,1661 ਨੂੰ ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤਿੰਨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਗੁਰੂ ਜੀ ਨੇ ਰਾਮ ਰਾਏ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਔਰੰਗਜ਼ੇਬ ਦੇ ਰੋਹਬ ਥੱਲੇ ਆਏ। ਧਰਮ ਦਾ ਪ੍ਰਚਾਰ ਗੁਰੂ ਜੀ ਨੇ ਉਸੇ ਤਰ੍ਹਾਂ ਜਾਰੀ ਰੱਖਿਆ।
ਰਾਮ ਰਾਏ ਤੇ ਧੀਰ ਮੱਲ ਜੀ ਦਾ ਖਿਆਲ ਸੀ ਕਿ ਹੁਣ ਉਨ੍ਹਾਂ ਨੂੰ ਗੁਰੂ ਅਖਵਾਉਣ ਤੋਂ ਕੋਈ ਨਹੀ ਰੋਕ ਸਕਦਾ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 'ਬਾਬਾ, ਬਕਾਲੇ' ਕਹਿ ਕੇ ਉਨ੍ਹਾਂ ਦੀਆਂ ਉਮੀਦਾਂ ਉਤੇ ਇਕ ਵਾਰੀ ਫਿਰ ਪਾਣੀ ਫੇਰ ਦਿੱਤਾ ਸੀ। ਇਨ੍ਹਾਂ ਸ਼ਬਦਾਂ ਦਾ ਭਾਵ ਆਪਣੇ ਆਪ ਵਿੱਚ ਬਿਲਕੁਲ ਸਪੱਸ਼ਟ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਪਿੰਡ ਬਕਾਲਾ ਵਿਖੇ ਹੀ ਨਿਵਾਸ ਕਰਦੇ ਸਨ ਤੇ ਰਿਸ਼ਤੇ ਵਲੋਂ ਉਹ ਗੁਰੂ ਜੀ ਦੇ ਦਾਦਾ ਲਗਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਰਿਸ਼ਤੇ ਵਜੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲਗਦੇ ਸਨ। ਇਸ ਲਈ ਗੁਰੂ ਜੀ ਦੇ ਬਚਨਾਂ ਦਾ ਸਾਫ਼ ਮਤਲਬ ਇਹੀ ਸੀ ਕਿ ਪਿੰਡ ਬਕਾਲਾ ਵਿਖੇ ਸਾਡੇ ਬਾਬਾ ਰਹਿੰਦੇ ਹਨ, ਸਾਡੇ ਮਗਰੋਂ ਉਹੀ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ ਪਰ ਧੀਰ ਮੱਲ ਤੇ ਰਾਮਰਾਇ ਜਿਹੇ ਗੁਰੂ ਘਰ ਨਾਲ ਸੰਬੰਧ ਰੱਖਣ ਵਾਲੇ ਹੋਰ ਲੋਕ ਵੀ ਗੁਰਗੱਦੀ ਤੇ ਕਬਜਾ ਜਮਾਉਣ ਦੇ ਚਾਹਵਾਨ ਸਨ।....ਚਲਦਾ


ਸੁਰਜੀਤ ਸਿੰਘ 'ਦਿਲਾ ਰਾਮ'
ਐਮ ਏ ਧਰਮ ਅਧਿਐਨ 
ਸੰਪਰਕ 99147-22933 


author

rajwinder kaur

Content Editor

Related News