ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ

Saturday, Jul 10, 2021 - 11:17 AM (IST)

ਪਟਿਆਲਾ (ਪਰਮੀਤ) : ਪੰਜਾਬ ’ਚ ਬਿਜਲੀ ਸੰਕਟ ਉਸ ਵੇਲੇ ਬੇਹੱਦ ਗੰਭੀਰ ਰੂਪ ਧਾਰ ਗਿਆ, ਜਦੋਂ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਲਾਂਟ ਬਿਲਕੁਲ ਹੀ ਬੰਦ ਹੋ ਗਿਆ। ਇਸ ਤੋਂ ਪਹਿਲਾਂ ਰੋਪੜ ਸਥਿਤ ਸਰਕਾਰੀ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੋ ਗਿਆ ਸੀ, ਜੋ ਬੀਤੀ ਦੇਰ ਸ਼ਾਮ ਤੱਕ ਮੁੜ ਨਹੀਂ ਚੱਲ ਸਕਿਆ। ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਮਾਰਚ ਦੇ ਸ਼ੁਰੂ ’ਚ 8 ਤਾਰੀਖ਼ ਨੂੰ ਬੰਦ ਹੋ ਗਿਆ ਸੀ। ਦੂਜਾ ਯੂਨਿਟ 4 ਜੁਲਾਈ ਤੋਂ ਬੰਦ ਹੈ, ਜਦੋਂ ਕਿ ਤੀਜਾ ਯੂਨਿਟ ਜੋ ਤਕਨੀਕੀ ਖ਼ਰਾਬੀ ਆਉਣ ਕਾਰਨ ਅੱਧੀ ਸਮਰੱਥਾ ’ਤੇ ਚੱਲ ਰਿਹਾ ਸੀ, ਉਹ ਬੀਤੀ ਸ਼ਾਮ 4 ਵਜੇ ਬੰਦ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼

ਇਸ ਤਰੀਕੇ ਪ੍ਰਾਈਵੇਟ ਸੈਕਟਰ ਦਾ ਇਹ ਥਰਮਲ ਪਲਾਂਟ ਪੰਜਾਬ ’ਚ ਝੋਨੇ ਦੇ ਸੀਜ਼ਨ ਵਿਚ ਗੰਭੀਰ ਹਾਲਾਤ ’ਚ ਬੰਦ ਹੋ ਗਿਆ ਹੈ। ਭਾਵੇਂ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਇਸ ਪਲਾਂਟ ਦੇ ਪਹਿਲੇ ਯੂਨਿਟ ਦੇ ਬੰਦ ਹੋਣ ਨੂੰ ਲੈ ਕੇ ਇਸ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਇਸ ਪਲਾਂਟ ਨਾਲ ਪਾਵਰਕਾਮ ਕਿਸ ਤਰੀਕੇ ਨਜਿੱਠਦਾ ਹੈ, ਇਸ ’ਤੇ ਸਮੁੱਚੇ ਪੰਜਾਬ ਦੀ ਨਜ਼ਰ ਹੋਵੇਗੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ 1980 ਮੈਗਾਵਾਟ ਦਾ ਪਲਾਂਟ ਹੈ, ਜਿਸ ਦੇ ਤਿੰਨ 660 ਮੈਗਾਵਾਟ ਹਰੇਕ ਸਮਰੱਥਾ ਦੇ ਯੂਨਿਟ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਉਪ ਮੁੱਖ ਮੰਤਰੀ ਦੀ ਸੰਭਾਵਨਾ ਘੱਟ, ਹਾਈਕਮਾਨ ਦੇ ਪੱਧਰ ’ਤੇ ਨਹੀਂ ਬਣ ਸਕੀ ਸਹਿਮਤੀ

ਇਹ ਵੀ ਦੱਸਣਯੋਗ ਹੈ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੈ, ਜੋ 9 ਜੁਲਾਈ ਨੂੰ ਦੇਰ ਸ਼ਾਮ ਤੱਕ ਚਾਲੂ ਨਹੀਂ ਹੋ ਸਕਿਆ ਸੀ। ਇਸ ਦੌਰਾਨ ਹਾਈਡਲ ਦੇ ਖੇਤਰ ’ਚ ਰਣਜੀਤ ਸਾਗਰ ਡੈਮ ਦਾ ਵੀ ਇਕ ਯੂਨਿਟ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਰੋਪੜ ਦਾ ਯੂਨਿਟ 210 ਮੈਗਾਵਾਟ ਦਾ ਹੈ। ਇਸ ਦਾ ਮਤਲਬ ਕਿ ਤਲਵੰਡੀ ਸਾਬੋ ਪਲਾਂਟ ਤੇ ਰੋਪੜ ਯੂਨਿਟ ਦੇ ਬੰਦ ਹੋਣ ਕਾਰਨ ਪਾਵਰਕਾਮ ਨੂੰ 2190 ਮੈਗਾਵਾਟ ਬਿਜਲੀ ਸਪਲਾਈ ਮਿਲਣੀ ਬੰਦ ਹੋ ਗਈ ਹੈ। ਪੰਜਾਬ ਦੀ ਪੀਕ ਲੋਡ ਵੇਲੇ ਦੀ ਮੰਗ ਪੂਰੀ ਕਰਨ ’ਚ ਪ੍ਰਾਈਵੇਟ ਤੇ ਥਰਮਲ ਦੋਵੇਂ ਫੇਲ੍ਹ ਹੁੰਦੇ ਨਜ਼ਰੀਂ ਪੈ ਰਹੇ ਹਨ।

ਇਹ ਵੀ ਪੜ੍ਹੋ : ਕਸਟਮ ਵਿਭਾਗ ਵੱਲੋਂ ਸਕ੍ਰੈਪ ਦੀ ਆੜ 'ਚ ਕੈਨੇਡਾ ਤੋਂ ਆਏ ਪਾਬੰਦੀਸ਼ੁਦਾ 42 ਟੈਲੀਕਮਿਊਨੀਕੇਸ਼ਨ ਐਂਟੀਨਾ ਜ਼ਬਤ

ਇਸ ਦੌਰਾਨ ਮੰਗ 12 ਹਜ਼ਾਰ ਮੈਗਾਵਾਟ ਦੇ ਕਰੀਬ ਸੀ। ਭਾਵੇਂ ਕਿ ਪੰਜਾਬ ਦੇ ਕੁੱਝ ਇਲਾਕਿਆਂ ’ਚ ਬਰਸਾਤ ਹੋਈ ਹੈ ਪਰ ਇਸ ਨਾਲ ਪਾਵਰਕਾਮ ਨੂੰ ਥੋੜ੍ਹੀ ਰਾਹਤ ਹੀ ਮਿਲੀ ਹੈ। ਪਾਵਰਕਾਮ ਮੈਨੇਜਮੈਂਟ ਇਸ ਵਾਰ ਦੇ ਬਿਜਲੀ ਸੰਕਟ ਲਈ ਮੌਸਮ ਵਿਗਿਆਨੀਆਂ ਨੂੰ ਵੀ ਦੋਸ਼ ਦੇ ਰਿਹਾ ਹੈ। ਮੈਨਜਮੈਂਟ ਦਾ ਕਹਿਣਾ ਹੈ ਕਿ ਮੌਸਮ ਵਿਗਿਆਨੀ ਹੀ ਮੀਂਹ ਪੈਣ ਦੀ ਸਹੀ ਤਾਰੀਖ਼ ਨਹੀਂ ਦੱਸ ਸਕੇ ਅਤੇ ਵਾਰ-ਵਾਰ ਤਾਰੀਖ਼ ਬਦਲਦੇ ਰਹੇ, ਜਿਸ ਕਾਰਨ ਅਜਿਹੇ ਹਾਲਾਤ ਬਣੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News