2 ਦਰਜਨ ਗੁੰਡਿਆਂ ਨੇ ਦਿਨ-ਦਿਹਾੜੇ ਗਰੀਬ ਮਜ਼ਦੂਰ ਨੂੰ ਕੁੱਲੀ ਸਮੇਤ ਲਾਈ ਅੱਗ

Wednesday, Nov 25, 2020 - 01:04 AM (IST)

2 ਦਰਜਨ ਗੁੰਡਿਆਂ ਨੇ ਦਿਨ-ਦਿਹਾੜੇ ਗਰੀਬ ਮਜ਼ਦੂਰ ਨੂੰ ਕੁੱਲੀ ਸਮੇਤ ਲਾਈ ਅੱਗ

ਮਲੇਰਕੋਟਲਾ,(ਯਾਸੀਨ):  ਪੁਲਸ ਥਾਣਾ ਸੰਦੌੜ ਅਧੀਨ ਪਿੰਡ ਕਸਬਾ ਭਰਾਲ ਵਿਖੇ ਦਹਾਕਿਆਂ ਤੋਂ ਛੱਪੜ ਕਿਨਾਰੇ ਕੁੱਲੀ ਪਾ ਕੇ ਰਹਿ ਰਹੇ ਇਕ ਗਰੀਬ ਭੱਠਾ ਮਜ਼ਦੂਰ ਨੂੰ ਪਿੰਡ ਦੇ ਹੀ 4-5 ਵਿਅਕਤੀਆਂ ਸਮੇਤ ਦੋ ਦਰਜਨ ਦੇ ਕਰੀਬ ਗੁੰਡਿਆਂ ਨੇ ਕੁੱਲੀ ਸਮੇਤ ਮਜ਼ਦੂਰ ਨੂੰ ਅੱਗ ਲਗਾ ਦਿੱਤੀ। ਡਾਂਗਾਂ ਤੇ ਰਾਡਾਂ ਨਾਲ ਲੈਸ ਬੇਖੌਫ ਹਮਲਾਵਰ ਦਿਨ-ਦਿਹਾੜੇ ਮਜ਼ਦੂਰ ਅਤੇ ਉਸ ਦੀ ਕੁੱਲੀ ਨੂੰ ਅੱਗ ਲਾ ਕੇ ਮੌਕੇ ਤੋਂ ਫਰਾਰ ਹੋ ਗਏ। ਅੱਗ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀਂ ਭੱਠਾ ਮਜ਼ਦੂਰ ਗੁਰਮੇਲ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਗੁਰਮੇਲ ਸਿੰਘ ਮੁਤਾਬਕ ਸ਼ੇਰ ਸਿੰਘ, ਦਰਸ਼ਨ ਸਿੰਘ ਤੇ ਕਾਲੂ ਸਿੰਘ ਵਗੈਰਾ ਕਰੀਬ 20-22 ਬੰਦਿਆਂ ਨੇ ਉਸ ਦੀ ਕੁੱਲੀ ਨੂੰ ਅੱਗ ਲਗਾ ਦਿਤੀ। ਜਦੋਂ ਉਸ ਨੇ ਇਸ ਹਰਕਤ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਚੁੱਕ ਕੇ ਮੱਚ ਰਹੀ ਕੁੱਲੀ ਵਿਚ ਸੁੱਟ ਦਿਤਾ।

ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਦਹਾਕਿਆਂ ਤੋਂ ਛੱਪੜ ਕਿਨਾਰੇ ਕੁੱਲੀ ਪਾ ਕੇ ਪਰਿਵਾਰ ਸਮੇਤ ਰਹਿ ਰਿਹਾ ਹੈ ਪਰ ਪਿੰਡ ਦੇ ਕੁੱਝ ਬੰਦੇ ਉਸ ਨੂੰ ਉੱਥੋਂ ਉਜਾੜਨ ਲਈ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਪਿੰਡ ਦੀ ਪੰਚਾਇਤ ਨੇ ਇੱਕ ਬਾਰ ਸਮਝੌਤਾ ਵੀ ਕਰਵਾ ਦਿਤਾ ਸੀ ਪਰ ਦੂਜੀ ਧਿਰ ਨੇ ਉਸ ਖਿਲਾਫ ਅਦਾਲਤ ਵਿਚ ਕੇਸ ਪਾ ਦਿਤਾ। ਜ਼ਖਮੀਂ ਗੁਰਮੇਲ ਸਿੰਘ ਨੇ ਦੋਸ਼ ਲਾਇਆ ਕਿ ਥਾਣਾ ਸੰਦੌੜ ਦਾ ਐਸ. ਐਚ. ਓ. ਵੀ ਉਸ ਨੂੰ ਧਮਕੀਆਂ ਦੇ ਰਿਹਾ ਹੈ। ਜ਼ਖਮੀ ਗੁਰਮੇਲ ਸਿੰਘ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਮਜ਼ਦੂਰ ਆਗੂ ਜੋਰਾ ਸਿੰਘ ਚੀਮਾ ਨੇ ਗੁਰਮੇਲ ਸਿੰਘ ਉਪਰ ਹਮਲਾ ਕਰਨ ਵਾਲੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਸਥਾਨਕ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਚੇਤਾਵਨੀ ਦਿਤੀ ਕਿ ਜੇਕਰ ਗਰੀਬ ਦਲਿਤ ਗੁਰਮੇਲ ਸਿੰਘ ਨੂੰ ਇਨਸਾਫ ਨਾ ਦਿਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜੋਰਾ ਸਿੰਘ ਚੀਮਾ ਨੇ ਥਾਣਾ ਸੰਦੌੜ ਦੇ ਐਸ.ਐਚ.ਓ. ਵਲੋਂ ਗਰੀਬ ਗੁਰਮੇਲ ਸਿੰਘ ਨੂੰ ਧਮਕੀਆਂ ਦੇਣ ਦੀ ਨਿੰਦਾ ਕਰਦਿਆਂ ਦੱਸਿਆ ਕਿ ਗੁਰਮੇਲ ਸਿੰਘ ਤੇ ਹੋਰਾਂ ਵੱਲੋਂ ਇਸ ਸਬੰਧੀ ਐਸ.ਐਸ.ਪੀ. ਸੰਗਰੂਰ ਨੂੰ ਬਾਕਾਇਦਾ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਅਤੇ ਐਸ.ਐਸ.ਪੀ. ਸਾਹਿਬ ਨੇ ਸਬੰਧਿਤ ਅਧਿਕਾਰੀਆਂ ਦੀ ਝਾੜ ਝੰਬ ਵੀ ਕੀਤੀ ਸੀ।


author

Deepak Kumar

Content Editor

Related News