ਸੰਗਰੂਰ ''ਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਕਸ਼ਨ ਮੋਡ ''ਚ ਪੁਲਸ, ਨਸ਼ਟ ਕੀਤੀ 62,000 ਕਿੱਲੋ ਲਾਹਣ
Sunday, Mar 24, 2024 - 04:58 AM (IST)
ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋਣ ਦੇ ਬਾਅਦ ਪੂਰੇ ਪੰਜਾਬ ਵਿਚ ਜ਼ਹਿਰੀਲੀ ਅਤੇ ਲੋਕਾਂ ਵੱਲੋਂ ਨਾਜਾਇਜ਼ ਢੰਗ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ 'ਤੇ ਰੋਕ ਲਗਾਉਣ ਦੇ ਲਈ ਸਬੰਧਿਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ।
ਇਸੇ ਲੜੀ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਗੁਰਦਾਸਪੁਰ ਰੇਂਜ ਹਨੁਮੰਤ ਸਿੰਘ ਅਤੇ ਆਬਕਾਰੀ ਅਧਿਕਾਰੀਆਂ ਹੇਮੰਤ ਸ਼ਰਮਾ, ਅਮਨਬੀਰ ਸਿੰਘ, ਈ.ਆਈ. ਬਿਕਰਮਜੀਤ ਸਿੰਘ ਭੁੱਲਰ, ਈ.ਆਈ. ਹਰਵਿੰਦਰ ਸਿੰਘ, ਈ.ਆਈ. ਅਨਿਲ ਕੁਮਾਰ ਅਤੇ ਈ.ਆਈ. ਵਿਜੇ ਕੁਮਾਰ ਨੇ ਐਕਸਾਈਜ਼ ਪੁਲਸ ਪਾਰਟੀ ਦੇ ਨਾਲ ਜ਼ਿਲ੍ਹਾ ਪੁਲਸ ਪੀ.ਐੱਸ. ਭੈਣੀ ਮੀਆਂ ਖਾਂ ਦੇ ਨਾਲ ਡੀ.ਐੱਸ.ਪੀ. ਆਰ-1 ਰਾਜਬੀਰ ਸਿੰਘ, ਐੱਸ.ਐੱਚ.ਓ. ਸੁਮਨਪ੍ਰੀਤ ਕੌਰ ਭੈਣੀ ਮੀਆਂ ਖਾਂ ਦੀ ਅਗਵਾਈ ਵਿਚ ਨਾਜਾਇਜ਼ ਸ਼ਰਾਬ ਨਿਰਮਾਣ ਦੇ ਲਈ ਬਦਨਾਮ ਪਿੰਡ ਮੋਜਪੁਰ ਅਤੇ ਬੁੱਢਾ ਬਾਲਾ ਦੇ ਕੋਲ ਬਿਆਸ ਦਰਿਆ ਦੇ ਕਿਨਾਰਿਆਂ 'ਤੇ ਵਿਸ਼ੇਸ ਸਰਚ ਆਪਰੇਸ਼ਨ ਚਲਾਇਆ।
ਇਸ ਸਬੰਧੀ ਸਬੰਧਤ ਵਿਭਾਗ ਦੇ ਹਨੁਮੰਤ ਸਿੰਘ ਦੇ ਅਨੁਸਾਰ ਬੇਸ਼ੱਕ ਵਿਭਾਗ ਅਤੇ ਪੁਲਸ ਪਾਰਟੀਆਂ ਨੂੰ ਵੇਖ ਕੇ ਸ਼ਰਾਬ ਤਸ਼ੱਕਰ ਭੱਜਣ ਵਿਚ ਸਫ਼ਲ ਹੋ ਗਏ, ਪਰ ਇਸ ਇਲਾਕੇ ਤੋਂ ਵਿਭਾਗ ਨੇ ਜ਼ਮੀਨ ਹੇਠਾਂ ਲੁਕਾ ਕੇ ਰੱਖੀ ਪਲਾਸਟਿਕ ਤਰਪਾਲ, ਲਗਭਗ 62000 ਕਿੱਲੋਗ੍ਰਾਮ ਲਾਹਣ ਅਤੇ 10 ਪਲਾਸਟਿਕ ਕੈਨ ਬਰਾਮਦ ਕੀਤੇ, ਜਿਨ੍ਹਾਂ 'ਚੋਂ ਹਰੇਕ ’ਚ 30 ਲੀਟਰ ਨਾਜਾਇਜ਼ ਸ਼ਰਾਬ ਸੀ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ 62000 ਕਿਲੋਗ੍ਰਾਮ ਲਾਹਣ ਜੋ ਲਾਵਾਰਿਸ ਹਾਲਤ ਵਿਚ ਮਿਲੀ, ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ। ਇਸ ਸਬੰਧੀ ਅਣਪਛਾਤੇ ਦੋਸ਼ੀਆਂ ਦੇ ਖਿਲਾਫ਼ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਵਿਚ ਕੇਸ ਦਰਜ਼ ਕਰਵਾਇਆ ਗਿਆ ਹੈ।
ਸਹਾਇਕ ਕਮਿਸ਼ਨਰ ਹਨੁਮੰਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ ਦੇ ਧੰਦੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਾਜਾਇਜ਼ ਢੰਗ ਨਾਲ ਤਿਆਰ ਕੀਤੀ ਗਈ ਸ਼ਰਾਬ ਮਨੁੱਖ ਦੇ ਲਈ ਬਹੁਤ ਹੀ ਖ਼ਤਰਨਾਕ ਹੈ ਅਤੇ ਲੋਕਾਂ ਦੀ ਜਾਨ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ’ਚ ਛਾਪੇਮਾਰੀ ਕੀਤੀ ਗਈ, ਇਹ ਇਲਾਕਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੀਮਾ ਦੇ ਨਾਲ ਲੱਗਦਾ ਹੈ ਅਤੇ ਜ਼ਿਆਦਾਤਰ ਹਿੱਸਾ ਬਿਆਸ ਦਰਿਆ ਦਾ ਹੈ।
ਇਸ ਇਲਾਕੇ ਵਿਚ ਸਰਕੰਡਾ ਹੋਣ ਦੇ ਕਾਰਨ ਸ਼ਰਾਬ ਤਸਕਰ ਇਸ ਨੂੰ ਸੁਰੱਖਿਅਤ ਸਥਾਨ ਮੰਨਦੇ ਹਨ ਅਤੇ ਛਾਪੇਮਾਰੀ ਹੋਣ ’ਤੇ ਦਰਿਆ ਦੇ ਰਸਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੀਮਾ ਵਿਚ ਕਿਸ਼ਤੀਆਂ ਦੇ ਸਹਾਰੇ ਭੱਜ ਜਾਂਦੇ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਅਸੀਂ ਅਜਿਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਡ੍ਰੋਨ ਦਾ ਵੀ ਇਸਤੇਮਾਲ ਕਰਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e