ਜਲੰਧਰ ਨਾਲ ਹੈ ਨਵੇਂ CP ਕੁਲਦੀਪ ਸਿੰਘ ਚਾਹਲ ਦਾ ਪੁਰਾਣਾ ਨਾਤਾ, ਕਈ ਗੈਂਗਸਟਰਾਂ ਦਾ ਕਰ ਚੁੱਕੇ ਨੇ ਐਨਕਾਊਂਟਰ

01/23/2023 5:06:49 PM

ਜਲੰਧਰ (ਸੁਧੀਰ)- ਪੰਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਕਾਰਨ ਐਤਵਾਰ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਆਈ. ਪੀ. ਐੱਸ. ਕੁਲਦੀਪ ਸਿੰਘ ਚਾਹਲ ਨੇ ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਤੋਂ ਪਹਿਲਾਂ ਪੁਲਸ ਅਧਿਕਾਰੀਅਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸਾਬਕਾ ਪੁਲਸ ਕਮਿਸ਼ਨਰ ਡਾ. ਐੱਸ. ਭੂਪਤੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਤੋਂ ਸ਼ਹਿਰ ਬਾਰੇ ਸਾਰੀ ਜਾਣਕਾਰੀ ਲਈ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੇ ਨਵ-ਨਿਯੁਕਤ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ਦੇ ਦਫ਼ਤਰ ’ਚ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਇਨਸਾਫ਼ ਅਤੇ ਕਾਨੂੰਨ ਪਸੰਦ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਦੋਬਾਰਾ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ’ਚ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕਰਨ ਅਤੇ ਲਾਅ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ :  ਕਪੂਰਥਲਾ ਵਿਖੇ ਵੱਡੀ ਵਾਰਦਾਤ, ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ

PunjabKesari

ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਚਾਹਲ 2005 ’ਚ ਚੰਡੀਗੜ੍ਹ ’ਚ ਬਤੌਰ ਏ. ਐੱਸ. ਆਈ. ਭਰਤੀ ਹੋਏ ਸਨ। ਇਸ ਕਾਰਨ ਉਹ ਆਪਣੇ ਭਰਾ ਦੇ ਨਾਲ ਹੀ ਪੰਚਕੂਲ ’ਚ ਰਹਿੰਦੇ ਸਨ। ਉੱਥੇ ਹੀ ਉਹ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੀ ਤਿਆਰੀ ਕਰਨ ’ਚ ਰੁੱਝੇ ਰਹੇ ਅਤੇ ਸਖਤ ਮਿਹਨਤ ਤੇ ਲਗਨ ਨਾਲ ਉਨ੍ਹਾਂ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ’ਚ 82ਵਾਂ ਰੈਂਕ ਪ੍ਰਾਪਤ ਕੀਤਾ। ਕੁਲਦੀਪ ਸਿੰਘ ਚਾਹਲ ਮੋਹਾਲੀ ਚੰਡੀਗੜ੍ਹ ਸਮੇਤ ਪੰਜਾਬ ’ਚ ਕਈ ਹੋਰ ਸ਼ਹਿਰਾਂ ’ਚ ਵੀ ਆਪਣੀਅਾਂ ਸੇਵਾਵਾਂ ਨਿਭਾਅ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਕਈ ਅਪਰਾਧੀਅਾਂ ਤੇ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ। ਸੀ. ਪੀ. ਚਾਹਲ ਨੇ ਦੱਸਿਆ ਕਿ ਪਰਮਾਤਮਾ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਜਲੰਧਰ ’ਚ ਪਹਿਲੀ ਵਾਰ ਪੁਲਸ ਕਮਿਸ਼ਨਰ ਦੇ ਅਹੁਦੇ ’ਤੇ ਸ਼ਹਿਰ ਵਾਸੀਅਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਅਪਰਾਧੀਅਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਇਸ ਮੌਕੇ ’ਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਸਮੇਤ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀ ਹਾਜ਼ਰ ਸਨ।

ਜਲੰਧਰ ਨਾਲ ਹੈ ਕੁਲਦੀਪ ਸਿੰਘ ਚਾਹਲ ਦਾ ਪੁਰਾਣਾ ਨਾਤਾ, 2010 ’ਚ ਸ਼ਹਿਰ ਦੇ ਥਾਣਾ ਮੁਖੀ, 12 ਸਾਲ ਬਾਅਦ ਸੀ. ਪੀ. ਬਣ ਕੇ ਦੋਬਾਰਾ ਸ਼ਹਿਰ ’ਚ ਪਰਤੇ
ਆਈ. ਪੀ.ਐੱਸ. ਕੁਲਦੀਪ ਸਿੰਘ ਚਾਹਲ ਦਾ ਸ਼ਹਿਰ ਨਾਲ ਪੁਰਾਣਾ ਨਾਤਾ ਹੈ। 2009 ਦੇ ਆਈ. ਪੀ. ਐੱਸ. ਬੈਂਚ ਦੇ ਅਧਿਕਾਰੀ ਕੁਲਦੀਪ ਸਿੰਘ ਚਾਹਲ ਸ਼ਹਿਰ ’ਚ ਬਤੌਰ ਥਾਣਾ ਇੰਚਾਰਜ ਦੇ ਅਹੁਦੇ ’ਤੇ ਵੀ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। 2010 ’ਚ ਆਈ. ਪੀ. ਐੱਸ. ਕੁਲਦੀਪ ਸਿੰਘ ਚਾਹਲ ਨੂੰ ਸ਼ਹਿਰ ਦੇ ਥਾਣਾ ਨੰ. 4 ’ਚ ਅੰਡਰ ਟ੍ਰੇਨਿੰਗ ਥਾਣਾ ਇੰਚਾਰਜ ਦੀ ਕਮਾਨ ਸੌਂਪੀ ਗਈ ਸੀ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਅਪਰਾਧੀਆਂ, ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਉਨ੍ਹਾਂ ਲਈ ਨਵਾਂ ਨਹੀਂ ਹੈ ਉਹ ਪਹਿਲਾਂ ਵੀ ਸ਼ਹਿਰ ’ਚ ਥਾਣਾ ਇੰਚਾਰਜ ਦੇ ਅਹੁਦੇ ’ਤੇ ਆਪਣੀਅਾਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਪ੍ਰਮੋਸ਼ਨ ਕਰ ਕੇ ਏ. ਐੱਸ. ਪੀ. ਦੀ ਕਮਾਨ ਸੌਂਪੀ ਗਈ ਸੀ। ਹੁਣ 12 ਸਾਲ ਬਾਅਦ ਸ਼ਹਿਰ ’ਚ ਪੁਲਸ ਕਮਿਸ਼ਨਰ ਬਣ ਕੇ ਵਪਾਸ ਪਰਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਾਸੀਅਾਂ ਦਾ ਉਨ੍ਹਾਂ ਨੂੰ ਹਮੇਸ਼ਾ ਪਿਆਰ ਤੇ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਅਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋਕਾਂ ਨੂੰ ਆ ਰਹੀਅਾਂ ਸਮੱਸਿਆਵਾਂ ਨੂੰ ਜਲਦੀ ਦੂਰ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ

ਕਈ ਗੈਂਗਸਟਰਾਂ ਦਾ ਕਰ ਚੁੱਕੇ ਹਨ ਐਨਕਾਊਂਟਰ
ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਈ ਗੈਂਗਸਟਰਾਂ ਦਾ ਐਨਕਾਊਂਟਰ ਵੀ ਕੀਤਾ ਹੈ। 2012 ’ਚ ਵੀ ਕੁਲਦੀਪ ਸਿੰਘ ਚਾਹਲ ਨੇ ਚਰਚਿਤ ਗੈਂਗਸਟਰ ਸ਼ੇਰਾ ਖੁਬਣ ਨੂੰ ਐਨਕਾਊਂਟਰ ’ਚ ਮਾਰ ਸੁੱਟਿਆ ਸੀ। ਮੋਹਾਲੀ ’ਚ ਵੀ ਐੱਸ. ਐੱਸ. ਪੀ. ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਜ਼ੀਰਕਪੁਰ ’ਚ ਹੋਏ ਇਕ ਆਪ੍ਰੇਸ਼ਨ ’ਚ ਇਕ ਹੋਰ ਗੈਂਗਸਟਰ ਨੂੰ ਵੀ ਮਾਰ ਸੁੱਟਿਆ ਸੀ। ਇਸ ਕਾਰਨ ਉਨ੍ਹਾਂ ਦੀ ਤੇਜ਼-ਤਰਾਰ ਅਧਿਕਾਰੀਆਂ ’ਚ ਗਿਣਤੀ ਹੁੰਦੀ ਹੈ। ਉਨ੍ਹਾਂ ਚਾਰਜ ਸੰਭਾਲਣ ਤੋਂ ਬਾਅਦ ਕਿਹਾ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਅਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News