ਅੱਧੀ ਰਾਤ ਨੂੰ ਘਰ ''ਚ ਦਾਖਲ ਹੋਏ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ

Thursday, Oct 05, 2017 - 11:15 AM (IST)

ਅੱਧੀ ਰਾਤ ਨੂੰ ਘਰ ''ਚ ਦਾਖਲ ਹੋਏ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ

ਖਡੂਰ ਸਾਹਿਬ (ਖਹਿਰਾ) - ਪਿੰਡ ਸਰਲੀ ਖੁਰਦ ਵਿਖੇ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਅੱਧੀ ਰਾਤ ਨੂੰ ਮਾੜੀ ਨੀਅਤ ਨਾਲ ਘਰ 'ਚ ਦਾਖਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਰਮ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸਰਲੀ ਖੁਰਦ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਮੇਰੇ ਘਰ ਦੇ ਨਜ਼ਦੀਕ ਹੀ ਰਹਿੰਦਾ ਇਕ ਨੌਜਵਾਨ ਮਾੜੀ ਨੀਅਤ ਨਾਲ ਘਰ ਅੰਦਰ ਕੰਧ ਟੱਪ ਕੇ ਦਾਖਲ ਹੋਇਆ, ਜਿਸ ਦੀ ਆਵਾਜ਼ ਸੁਣ ਕੇ ਮੇਰੇ ਲੜਕੇ ਅਕਾਸ਼ਦੀਪ ਸਿੰਘ ਨੇ ਪੂਰੇ ਪਰਿਵਾਰ ਨੂੰ ਜਗਾਇਆ ਤੇ ਹਿੰਮਤ ਕਰ ਕੇ ਇਸ ਨੂੰ ਕਾਬੂ ਕੀਤਾ। ਇਸ ਦੌਰਾਨ ਉਕਤ ਨੌਜਵਾਨ ਨੇ ਮੇਰੇ ਲੜਕੇ 'ਤੇ ਵੀ ਜਾਨਲੇਵਾ ਹਮਲਾ ਕੀਤਾ। ਨੌਜਵਾਨ ਨੂੰ ਕਾਬੂ ਕਰ ਕੇ ਅਸੀਂ ਰਾਤ ਸਮੇਂ ਹੀ ਥਾਣਾ ਵੈਰੋਵਾਲ ਦੀ ਪੁਲਸ ਹਵਾਲੇ ਕਰ ਦਿੱਤਾ, ਜਿਸ ਨੂੰ ਪੁਲਸ ਨੇ ਅਗਲੇ ਦਿਨ ਹੀ ਛੱਡ ਦਿੱਤਾ। ਹੁਣ ਇਹ ਨੌਜਵਾਨ ਸਾਨੂੰ ਨਾਜਾਇਜ਼ ਪਰਚਾ ਕਰਵਾਉਣ ਦੀਆਂ ਧਮਕੀਆਂ ਦੇ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਦਕਿ ਅਸੀਂ ਇਸ ਨੌਜਵਾਨ ਦੀ ਵੀਡੀਓ ਵੀ ਬਣਾਈ ਹੈ, ਜਿਸ 'ਚ ਇਹ ਖੁਦ ਆਪਣੀ ਗਲਤੀ ਕਬੂਲ ਕਰ ਰਿਹਾ ਹੈ।
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ 'ਚ ਦਖਲ ਦੇ ਕੇ ਸਾਨੂੰ ਇਨਸਾਫ ਦਿਵਾਉਣ ਤੇ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਵੈਰੋਵਾਲ ਦੇ ਪੁਲਸ ਅਧਿਕਾਰੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸਾਡੇ ਧਿਆਨ ਵਿਚ ਹੈ ਅਤੇ ਬਣਦੀ ਕਾਰਵਾਈ ਕਰ ਰਹੇ ਹਾਂ।


Related News