ਦੇਸੀ ਪਿਸਤੌਲ, ਕਿਰਚਾਂ, ਕਿਰਪਾਨਾਂ, ਗੰਡਾਸਿਆਂ ਸਮੇਤ 5 ਗ੍ਰਿਫ਼ਤਾਰ
Wednesday, Aug 14, 2024 - 03:13 PM (IST)

ਮੋਗਾ/ਨਿਹਾਲ ਸਿੰਘ ਵਾਲਾ (ਕਸ਼ਿਸ਼) : ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਚ ਕੁੱਝ ਹੁੱਲੜਬਾਜ਼ਾਂ ਵੱਲੋਂ ਮਾਮੂਲੀ ਬਹਿਸ ਮਗਰੋਂ ਵਾਰਡ ਨੰਬਰ 10 ਵਿਚ ਗੁੰਡਾਂ-ਗਰਦੀ ਕੀਤੀ ਗਈ ਅਤੇ ਗੰਡਾਸੇ ਕਿਰਪਾਨਾਂ ਚਲਾਈਆਂ ਗਿਆ ਅਤੇ ਇਕ ਫ਼ਾਇਰ ਵੀ ਕੀਤਾ ਗਿਆ। ਇਸ ਦੌਰਾਨ ਚਲਾਈ ਗਈ ਗੋਲੀ ਬੀਰਜ ਲਾਲ ਨਾਮਕ ਵਿਅਕਤੀ ਦੇ ਪੱਟ ਵਿਚ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਇਸ ਝਗੜੇ ਵਿਚ ਸ਼ਿਵ ਚਰਨ ਨਾਮਕ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਗਈ। ਸ਼ਿਵ ਚਰਨ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ 11 ਅਣਪਛਾਤੇ ਵਿਅਕਤੀਆਂ ਖ਼ਿਲ਼ਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
ਪੁਲਸ ਵੱਲੋ ਤਕਨੀਕੀ ਢੰਗ ਨਾਲ ਘਟਨਾ ਦੀ ਤਫਤੀਸ਼ ਕਰਦੇ ਹੋਏ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ, ਗੰਡਾਸੇ, ਕਿਰਪਾਨਾਂ ਆਦਿ ਹਥਿਆਰ ਵੀ ਬਰਾਮਦ ਹੋਏ ਹਨ। ਇਸ ਸਭ ਦੀ ਜਾਣਕਾਰੀ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ, ਪਰਮਜੀਤ ਸਿੰਘ ਸੰਧੂ ਨੇ ਦਿੰਦਿਆਂ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ। ਪੁਲਸ ਵੱਲੋ ਮੁਕੱਦਮਾ ਨੰਬਰ 121 ਮਿਤੀ ਨੂੰ 06-08-2024 ਅਧੀਨ ਧਾਰਾ 109,115,(2), 118,190,191 BNS ਥਾਣਾ ਨਿਹਾਲ ਸਿੰਘ ਵਾਲਾ ਵਿਚ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫੜੇ ਗਏ ਦੋਸ਼ੀਆਂ ਦਾ ਪੁਲਸ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।