ਸੁਨਾਮੀ ਵਾਂਗ ਆਈ ‘ਆਪ’ ਤੋਂ ਜਨਤਾ ਨੂੰ ਮਿਲਿਆ ਨੂੰ ਧੋਖਾ, ਹੁਣ ਭਾਜਪਾ ਹੀ ਪੰਜਾਬ ’ਚ ਆਸ ਦੀ ਕਿਰਨ : ਸ਼ੇਖਾਵਤ

05/05/2023 10:35:21 AM

ਜਲੰਧਰ (ਅਨਿਲ ਪਾਹਵਾ) : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਭਾਵੇਂ ਇੰਨੀ ਵੱਡੀ ਚੋਣ ਨਹੀਂ ਹੈ ਅਤੇ ਇਹ ਸਿਰਫ ਇਕ ਲੋਕਸਭਾ ਸੀਟ ਤਕ ਹੀ ਸੀਮਿਤ ਹੈ ਪਰ ਇਸਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪਾਰਟੀ ਚੋਣ ਜਿੱਤਣ ਦੇ ਦਾਅਵੇ ਵੀ ਕਰ ਰਹੀ ਹੈ ਅਤੇ ਪਾਰਟੀ ਨੂੰ ਭਰੋਸਾ ਹੈ ਕਿ ਪੰਜਾਬ ’ਚ ਆਉਣ ਵਾਲੇ ਸਮੇਂ ’ਚ ਭਾਜਪਾ ਇਕ ਵੱਡੀ ਪਾਰਟੀ ਦੇ ਤੌਰ ਤੇ ਸਥਾਪਿਤ ਹੋ ਜਾਏਗੀ। ਇਸ ਤਰ੍ਹਾਂ ਦੇ ਕਈ ਦਾਅਵਿਆਂ ’ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨਾ ਸਿਰਫ ਖੁੱਲ ਕੇ ਗੱਲ ਕੀਤੀ ਸਗੋਂ ਨਾਲ ਹੀ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ’ਚ ਲੋਕ ਭਾਜਪਾ ਨੂੰ ਅਹਿਮੀਅਤ ਕਿਉਂ ਦੇਣ ਲੱਗੇ ਹਨ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੇ ਖਾਸ-ਖਾਸ ਹਿੱਸੇ:

ਜਲੰਧਰ ਚੋਣ ’ਚ ਭਾਜਪਾ ਦੀ ਸਥਿਤੀ ਕੀ ਹੈ?
ਅਸੀਂ ਕਿਸਾਨ ਅੰਦੋਲਨ ਦੌਰਾਨ ਇਕ ਉਹ ਦੌਰ ਦੇਖਿਆ ਸੀ ਜਦੋਂ ਪਿੰਡ ਤਾਂ ਦੂਰ ਸ਼ਹਿਰਾਂ ’ਚ ਵੀ ਲੋਕ ਭਾਜਪਾ ਦੇ ਲੋਕਾਂ ਤੋਂ ਕੰਨੀ ਕਤਰਾਉਣ ਲੱਗੇ ਸਨ। ਉਸ ਸਮੇਂ ਭਾਜਪਾ ਦੇ ਖਿਲਾਫ ਇਕ ਵੱਡਾ ਮਾਹੌਲ ਪੈਦਾ ਕੀਤਾ ਗਿਆ ਸੀ, ਜੋ ਕਿ ਵਿਰੋਧੀ ਪਾਰਟੀਆਂ ਦੀ ਚਾਲ ਸੀ। ਉਸ ਸਮੇਂ ’ਚ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਦਿਖਾਇਆ ਅਤੇ ਕਿਸਾਨਾਂ ਦੀ ਗੱਲ ਮੰਨਦਿਆਂ ਕਾਨੂੰਨ ਵਾਪਸ ਲੈ ਲਏ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਲੋਕ ਕਿਸੇ ਹੱਦ ਤਕ ਸਵੀਕਾਰ ਕਰਨ ਲੱਗੇ ਸਨ ਪਰ ਹੁਣ ਪੰਜਾਬ ਦੇ ਲੋਕਾਂ ’ਚ ਭਾਜਪਾ ਸਬੰਧੀ ਵੱਡਾ ਸਕਾਰਾਤਮਕ (ਹਾਂ ਪੱਖੀ) ਰਵੱਈਆ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਾਨੂੰ ਘਰਾਂ ’ਚ ਵੜਨ ਨਹੀਂ ਸੀ ਦਿੱਤਾ ਜਾਂਦਾ, ਉੱਥੇ ਹੁਣ ਲੋਕ ਸਾਨੂੰ ਬਿਠਾ ਕੇ ਪਰੌਂਠੇ ਖਵਾਉਂਦੇ ਤੇ ਲੱਸੀ ਵੀ ਪਿਆਉਂਦੇ ਹਨ ਅਤੇ ਸਾਡੀ ਗੱਲ ਵੀ ਸੁਣਦੇ ਹਨ । ਇਹ ਇਕ ਵੱਡੀ ਤਬਦੀਲੀ ਹੈ।

ਇਹ ਵੀ ਪੜ੍ਹੋ : ਜਲੰਧਰ ਉਪ-ਚੋਣ : ਕੇਜਰੀਵਾਲ 6 ਨੂੰ ਕਰਨਗੇ ਰੋਡ ਸ਼ੋਅ, ਭਗਵੰਤ ਮਾਨ 8 ਤਕ ਕਰਨਗੇ ਧੂੰਆਂਧਾਰ ਪ੍ਰਚਾਰ

‘ਅਾਪ’ ਦੇ ਦਾਅਵਿਆਂ ਦਾ ਸਾਹਮਣਾ ਕਿਵੇਂ ਕਰੇਗੀ ਭਾਜਪਾ?
ਪੰਜਾਬ ਦੇ ਲੋਕਾਂ ਨੇ ਸੁਨਾਮੀ ਵਾਂਗ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ। 92 ਸੀਟਾਂ ਲੈ ਕੇ ਪਾਰਟੀ ਨੇ ਸੂਬੇ ’ਚ ਸਰਕਾਰ ਬਣਾਈ ਪਰ ਹੁਣ ਤਕਰੀਬਨ ਇਕ ਸਾਲ ਦੇ ਕਾਰਜਕਾਲ ਤੋਂ ਬਾਅਦ ਲੋਕਾਂ ਦਾ ਭਰੋਸਾ ‘ਆਪ’ ਸਰਕਾਰ ਪ੍ਰਤੀ ਟੁੱਟਣ ਲੱਗਾ ਹੈ। ਉਂਝ ਤਾਂ ‘ਆਪ’ ਦੇ ਪ੍ਰਤੀ ਲੋਕਾਂ ’ਚ ਜੋ ਭਰੋਸਾ ਸੀ ਉਹ ਸੰਗਰੂਰ ਦੀ ਚੋਣ ’ਚ ਹੀ ਪਤਾ ਲੱਗ ਗਿਆ ਸੀ ਜਿਸ ਤਰ੍ਹਾਂ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ ਉਸ ਤੋਂ ਬਾਅਦ ਭਾਜਪਾ ਹੀ ਇਕੋ-ਇਕ ਆਸ ਦੀ ਕਿਰਨ ਲੋਕਾਂ ਲਈ ਬਚੀ ਹੈ । ਬਾਕੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਪਹਿਲਾ ਹੀ ਅਜ਼ਮਾ ਚੁੱਕੇ ਹਨ। ਇਸ ਲਈ ਮੈਨੂੰ ਹੁਣ ਭਰੋਸਾ ਹੈ ਕਿ ਜਲੰਧਰ ’ਚ ਭਾਜਪਾ ਪ੍ਰਤੀ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ ਅਤੇ ਪਾਰਟੀ ਸਫਲਤਾ ਹਾਸਲ ਕਰੇਗੀ।

ਅਕਾਲੀ ਦਲ ਨਾਲ ਗਠਜੋੜ ’ਤੇ ਤੁਸੀਂ ਕੀ ਕਹੋਗੇ?
ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਛੱਡਿਆ ਸਗੋਂ ਉਹ ਪਾਰਟੀ ਖੁਦ ਸਾਨੂੰ ਛੱਡ ਕੇ ਗਈ ਸੀ। ਪੰਜਾਬ ’ਚ ਗਠਜੋੜ ਦੇ ਦੌਰਾਨ ਛੋਟੇ ਤੇ ਵੱਡੇ ਭਰਾ ਦੀ ਭੂਮਿਕਾ ਦੇ ਤੌਰ ’ਤੇ ਅਸੀਂ ਨਾਲ ਰਹੇ। ਹੁਣ ਜਿਹੜੀ ਗਠਜੋੜ ਸਬੰਧੀ ਚਰਚੇ ਚੱਲ ਰਹੇ ਹਨ ਉਹ ਜਾਂ ਤਾਂ ਮੀਡੀਆ ਦੇ ਅੰਦਾਜ਼ੇ ਹਨ ਜਾਂ ਫਿਰ ਉਨ੍ਹਾਂ ਲੋਕਾਂ ਵੱਲੋਂ ਇਹ ਚਰਚੇ ਚਲਾਏ ਜਾ ਰਹੇ ਹਨ ਜਿਨ੍ਹਾਂ ਦਾ ਇਸ ’ਚ ਕੋਈ ਨਿੱਜੀ ਮੁਫਾਦ ਹੈ। ਮੈਂ ਤਾਂ ਇਹ ਸਾਫ ਕਹਾਂਗਾ ਕਿ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਨਾ ਤਾਂ ਕੋਈ ਚਰਚਾ ਹੈ, ਨਾ ਚਿੰਤਨ ਹੈ ਅਤੇ ਨਾ ਹੀ ਵਿਚਾਰ।

ਕਾਂਗਰਸ ’ਚੋਂ ਭਾਜਪਾ ’ਚ ਆਏ ਦਿੱਗਜ ਕਿਤੇ ਨਹੀਂ ਦਿਸ ਰਹੇ?
ਅਜਿਹਾ ਨਹੀਂ ਹੈ। ਪਿਛਲੇ ਦਿਨਾਂ ’ਚ ਕਾਂਗਰਸ ਦੇ ਕਈ ਆਗੂਆਂ ਨੇ ਭਾਜਪਾ ਜੁਆਇਨ ਕੀਤੀ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਕੈਪਟਨ ਕੱਲ ਤੋਂ ਜਲੰਧਰ ’ਚ ਆ ਕੇ ਪ੍ਰਚਾਰ ਸ਼ੁਰੂ ਕਰ ਰਹੇ ਹਨ। ਭਾਜਪਾ ਦੀ ਪੂਰੀ ਟੀਮ ਕੰਮ ਕਰ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਹਰ ਤਰ੍ਹਾਂ ਦੀ ਰਿਪੋਰਟ ਲੈ ਕੇ ਉਸ ’ਤੇ ਕੰਮ ਕੀਤਾ ਜਾ ਰਿਹਾ ਹੈ।

ਜਲੰਧਰ ਵਰਗੀ ਜ਼ਿਮਨੀ ਚੋਣ ’ਤੇ ਇੰਨਾ ਫੋਕਸ ਕਿਉਂ?
ਪੰਜਾਬ ’ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਪਹਿਲਾਂ ਚੋਣਾਂ ਲੜਦੀ ਰਹੀ ਹੈ। 2022 ਦੀਆਂ ਚੋਣਾਂ ਪਾਰਟੀ ਨੇ ਇਕੱਲਿਆਂ ਲੜੀਆਂ ਅਤੇ ਹੁਣ ਲੋਕ ਸਭਾ ਦੀ ਇਹ ਜ਼ਿਮਨੀ ਚੋਣ ਪਾਰਟੀ ਇਕੱਲਿਆਂ ਲੜ ਰਹੀ ਹੈ। ਅਸੀਂ ਪਹਿਲਾਂ ਵਿਧਾਨ ਸਭਾ ਦੀਆਂ 23 ਸੀਟਾਂ ਤੱਕ ਸੀਮਤ ਸੀ, ਜਿਹੜੀਆਂ ਜ਼ਿਆਦਾਤਰ ਸ਼ਹਿਰੀ ਸੀਟਾਂ ਸਨ। ਹੁਣ ਪਾਰਟੀ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ’ਚ ਵੀ ਖੁਦ ਨੂੰ ਸਥਾਪਿਤ ਕਰਨ ਦਾ ਕੰਮ ਤੇਜ ਕੀਤਾ ਹੈ। ਅਸੀਂ ਹਰ ਚੋਣ ਨੂੰ ਓਨੀ ਹੀ ਗੰਭੀਰਤਾ ਨਾਲ ਲੈਂਦੇ ਹਾਂ, ਫਿਰ ਭਾਵੇਂ ਉਹ ਇਕ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਹੋਵੇ ਜਾਂ ਦੇਸ਼ ਦੀਆਂ ਆਮ ਚੋਣਾਂ।

‘ਆਪ’ ’ਤੇ ਵੱਖਵਾਦ ਨੂੰ ਵਧਾਉਣ ਦੇ ਤੁਹਾਡੇ ਦੋਸ਼ਾਂ ਦਾ ਆਧਾਰ ਕੀ ਹੈ?
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਈ ਵਾਅਦੇ ਕੀਤੇ ਸਨ। ਪਰ ਅੱਜ ਤੁਸੀਂ ਪੰਜਾਬ ਦੀ ਹਾਲਤ ਵੇਖ ਸਕਦੇ ਹੋ। ਸੁਰੱਖਿਆ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨੂੰ ਸੁਰੱਖਿਅਤ ਜ਼ਿੰਦਗੀ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ। ਸੂਬੇ ’ਚ ਵੱਖਵਾਦੀ ਸਰਗਰਮੀਆਂ ’ਚ ਕੋਈ ਕਮੀ ਨਹੀਂ ਆਈ, ਉਲਟਾ ਵੱਖਵਾਦ ਨਾਲ ਸਬੰਧਿਤ ਮਾਮਲੇ ਵੱਧ ਰਹੇ ਹਨ ਅਤੇ ਇਹ ਪੂਰੀ ਤਰ੍ਹਾਂ ਸੂਬਾ ਸਰਕਾਰ ਦੀ ਅਸਫਲਤਾ ਹੈ।

ਇਹ ਵੀ ਪੜ੍ਹੋ : ਕੀ RDF ਦੇ 1000 ਕਰੋੜ ਦੇ ਘਾਟੇ ਦਾ ਮੁੱਦਾ ਭਾਜਪਾ ਨੇਤਾ PM ਸਾਹਮਣੇ ਉਠਾਉਣ ਦੀ ਹਿੰਮਤ ਰੱਖਦੇ ਹਨ : ਭਗਵੰਤ ਮਾਨ

ਐੱਸ. ਵਾਈ. ਐੱਲ. ਨੂੰ ਲੈ ਕੇ ਭਾਜਪਾ ’ਤੇ ਸਿਆਸਤ ਕਰਨ ਦਾ ਦੋਸ਼ ਕਿਉਂ ਲੱਗ ਰਿਹਾ ਹੈ?
ਇਸ ਵਿਚ ਸਿਆਸਤ ਕੋਈ ਨਹੀਂ ਹੈ। ਇਹ ਤਾਂ ਅਦਾਲਤ ’ਚ ਵਿਚਾਰ ਅਧੀਨ ਮਾਮਲਾ ਹੈ। ਮੈਨੂੰ ਮਾਣਯੋਗ ਅਦਾਲਤ ਨੇ ਜ਼ਿੰਮੇਵਾਰੀ ਸੌਂਪੀ ਸੀ ਅਤੇ ਇਸ ਹੁਕਮ ਤੋਂ ਬਾਅਦ ਮੈਂ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਮੇਰਾ ਇਹ ਖਿਆਲ ਹੈ ਕਿ ਇਸ ਮੁੱਦੇ ਨਾਲੋਂ ਜ਼ਿਆਦਾ ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ’ਚ ਪਾਣੀ ਦੀ ਮੰਗ ਵਧਣ ਵਾਲੀ ਹੈ ਅਤੇ ਇਹ ਇਕ ਵੱਡੀ ਚੁਣੌਤੀ ਹੈ। ਸਾਡੇ ਦੇਸ਼ ਦੇ ਕਈ ਹਿੱਸਿਆਂ ’ਚ ਹਰ ਸਾਲ ਹੜ੍ਹ ਆਉਂਦੇ ਹਨ ਅਤੇ ਇਕ ਉਹ ਦੌਰ ਵੀ ਹੁੰਦਾ ਹੈ ਜਦੋਂ ਕਈ ਹਿੱਸਿਆਂ ’ਚ ਸੋਕਾ ਪੈਂਦਾ ਹੈ। ਸਾਨੂੰ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਪਵੇਗਾ ਕਿ ਸਰਪਲੱਸ (ਵਾਧੂ) ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਸੋਕੇ ਦੇ ਦੌਰ ਲਈ ਬਚਾ ਕੇ ਰੱਖਿਆ ਜਾਵੇ। ਇਸ ਲਈ ਵੱਡੇ ਪੱਧਰ ’ਤੇ ਸਾਰਿਆਂ ਨੂੰ ਮਿਲ ਕੇ ਯੋਜਨਾ ਬਣਾਉਣ ਦੀ ਲੋੜ ਹੈ। ਜਲਵਾਯੂ ’ਚ ਪਰਿਵਰਤਨ ਕਾਰਨ ਇਸ ਪੂਰੀ ਵਿਵਸਥਾ ’ਤੇ ਦੁਬਾਰਾ ਵਿਚਾਰ ਕਰਨ ਦੀ ਬੇਹੱਦ ਲੋੜ ਹੈ।

ਨਦੀਆਂ ਨੂੰ ਜੋੜਨ ਦੀ ਕੀ ਯੋਜਨਾ ਹੈ?
ਹੜ੍ਹ ਅਤੇ ਸੋਕੇ ਦੇ ਸਥਾਨਕ ਹੱਲ ਲਈ ਨਦੀਆਂ ਨੂੰ ਜੋੜਨਾ ਸਮੇਂ ਦੀ ਲੋੜ ਹੈ। ਇਹ ਤੱਦ ਹੀ ਸੰਭਵ ਹੋ ਸਕਦਾ ਹੈ ਜੇ ਸੂਬਿਆਂ ਵਲੋਂ ਸਹਿਯੋਗ ਮਿਲੇ ਤਾਂ। ਦੇਸ਼ ਭਰ ’ਚ ਸਰਕਾਰ ਨੇ ਤਕਰੀਬਨ 31 ਲਿੰਕ ਲੱਭੇ ਹਨ ਜਿਨ੍ਹਾਂ ’ਤੇ ਕੰਮ ਹੋਣਾ ਜ਼ਰੂਰੀ ਹੈ। ਨਦੀਆਂ ਨੂੰ ਜੋੜਨ (ਲਿੰਕ ਕਰਨ) ਦੇ 14 ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਸੂਬਿਆਂ ਤੋਂ ਸਹਿਮਤੀ ਮੰਗੀ ਗਈ ਹੈ। ਜਿਉਂ ਹੀ ਸੂਬੇ ਆਪਣੀ ਸਹਿਮਤੀ ਦੇਣਗੇ ਇਨ੍ਹਾਂ ’ਤੇ ਕੰਮ ਸ਼ੁਰੂ ਹੋ ਜਾਵੇਗਾ। ਉਂਝ ਇਨ੍ਹਾਂ ਪ੍ਰਾਜੈਕਟਾਂ ਲਈ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਕੰਮ ਸ਼ੁਰੂ ਹੋਇਆ ਸੀ ਪਰ ਅਜੇ ਵੀ ਜਿਸ ਰਫਤਾਰ ਨਾਲ ਕੰਮ ਚੱਲ ਰਿਹਾ ਹੈ ਉਹ ਤਸੱਲੀਬਖਸ਼ ਨਹੀਂ ਹੈ।

ਭਾਜਪਾ ਤੇ ਦੇਸ਼ ਨੂੰ ਵੰਡਣ ਦੇ ਦੋਸ਼ ਲੱਗ ਰਹੇ ਹਨ, ਕਿੰਨੀ ਸੱਚਾਈ ਹੈ?
ਜਿਹੜੇ ਲੋਕ ਭਾਜਪਾ ’ਤੇ ਦੋਸ਼ ਲਾ ਰਹੇ ਹਨ ਦਰਅਸਲ ਉਹੀ ਲੋਕ ਇਸ ਕੰਮ ਵਿਚ ਵਰ੍ਹਿਆਂ ਤੋਂ ਲੱਗੇ ਹੋਏ ਹਨ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹ ਗਰੀਬ, ਪੱਛੜੇ ਵਰਗ ਨੂੰ ਵੰਡ ਕੇ ਜੁੜਾਉਣ ਦਾ ਕੰਮ ਕਰਦੀ ਰਹੀ ਹੈ ਅਤੇ ਇਹ ਕਾਂਗਰਸ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹੁੰਦੀ ਹੈ। ਜੱਦ ਵੀ ਚੋਣਾਂ ਦਾ ਦੌਰ ਆਉਂਦਾ ਹੈ ਕਾਂਗਰਸ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਕਰਦੀ ਹੈ। ਖਾਸਕਰ ਉਨ੍ਹਾਂ ਇਲਾਕਿਆਂ ’ਚ ਜਿਥੇ ਘੱਟ ਗਿਣਤੀ ਵੋਟ ਬੈਂਕ ਟੁੱਟ ਰਿਹਾ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਕਾਂਗਰਸ ਅੰਜਾਮ ਦਿੰਦੀ ਹੈ। ਤਾਜ਼ੀ ਉਦਾਹਰਣ ਕਰਨਾਟਕ ਦੀ ਹੈ ਜਿਥੇ ਕਾਂਗਰਸ ਨੇ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

ਗਹਿਲੋਤ ’ਤੇ ‘ਸਿਆਸਤ ਦਾ ਰਾਵਣ’ ਵਾਲੀ ਟਿੱਪਣੀ ਦਾ ਕੀ ਮਤਲਬ ਸੀ?
ਦਰਅਸਲ ਇਸ ਮਾਮਲੇ ’ਚ ਮੇਰੀ ਪੂਰੀ ਗੱਲ ਨੂੰ ਨਹੀਂ ਸੁਣਿਆ ਗਿਆ। ਚਿਤੌੜਗੜ੍ਹ ’ਚ ਮੈਂ ਇਹ ਗੱਲ ਕਹੀ ਸੀ ਪਰ ਉਸ ਤੋਂ ਬਾਅਦ ਸੀਕਰ ’ਚ ਮੈਂ ਇਸ ਨੂੰ ਵਿਸਥਾਰ ’ਚ ਦੱਸਿਆ ਸੀ। ਦਰਅਸਲ ਰਾਮਾਇਣ ’ਚ ਭਗਵਾਨ ਸ਼ਿਵ ਅਤੇ ਰਾਵਣ ਦਾ ਜ਼ਿਕਰ ਹੁੰਦਾ ਹੈ। ਰਾਵਣ ਨੂੰ ਸਿਆਸਤ ਦਾ ਗੂੜ੍ਹ ਪੰਡਿਤ ਵੀ ਕਿਹਾ ਜਾਂਦਾ ਹੈ ਪਰ ਇਸ ਦੇ ਦਸ ਔਗੁਣ ਜਿਨ੍ਹਾਂ ਨੂੰ ਦਸ ਸਿਰਾਂ ਦੇ ਰੂਪ ’ਚ ਦਰਸਾਇਆ ਜਾਂਦਾ ਹੈ, ਉਸ ਦੇ ਪਤਨ ਦਾ ਕਾਰਨ ਬਣੇ। ਅਸ਼ੋਕ ਗਹਿਲੋਤ ਦੇ ਸੰਦਰਭ ’ਚ ਵੀ ਮੈਂ ਇਹੀ ਕਿਹਾ ਸੀ ਕਿ ਉਸ ਦੀ ਸਰਕਾਰ ’ਚ ਮਾਫੀਆ ਰਾਜ, ਜਬਰਨ ਵਸੂਲੀ, ਗਊ-ਹੱਤਿਆ, ਭ੍ਰਿਸ਼ਟਾਚਾਰ, ਪੇਪਰ ਲੀਕ, ਦਹਿਸ਼ਤ, ਅਫਰਾ-ਤਫਰੀ, ਦੁਸ਼ਕਰਮ, ਬੇਰੁਜ਼ਗਾਰੀ, ਲਾਲਚ ਵਰਗੇ ਕੰਮ ਹੋ ਰਹੇ ਨੇ, ਜੋ ਇਸ ਰਾਵਣ ਦੇ ਦਸ ਸਿਰ ਹਨ। ਇਸ ਵਿਚ ਸ਼ਾਇਦ ਕੁਝ ਵੀ ਗਲਤ ਨਹੀਂ ਸੀ।

ਇਹ ਵੀ ਪੜ੍ਹੋ : ਦਿੱਲੀ ਦੇ ਭਾਜਪਾ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਤੋਂ ਲੈ ਕੇ ਜੰਤਰ-ਮੰਤਰ ਪ੍ਰਦਰਸ਼ਨ ਤਕ ’ਤੇ ਦਿੱਤੇ ਬੇਬਾਕੀ ਨਾਲ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha