ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼. ਕਰਨਗੇ ਪੇਇੰਗ ਗੈਸਟ ਦੀ ਵੈਰੀਫਿਕੇਸ਼ਨ
Thursday, Mar 29, 2018 - 12:55 PM (IST)

ਚੰਡੀਗੜ੍ਹ (ਰਮੇਸ਼ ਹਾਂਡਾ) : ਚੰਡੀਗੜ੍ਹ 'ਚ ਵਧ ਰਹੀਆਂ ਝਪਟਮਾਰੀ ਦੀਆਂ ਘਟਨਾਵਾਂ ਸਬੰਧੀ ਦਾਖਲ ਕੀਤੀ ਗਈ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਸ ਵਲੋਂ ਜਵਾਬ ਦਾਖਲ ਕੀਤਾ ਗਿਆ, ਜਿਸ 'ਚ ਦੱਸਿਆ ਗਿਆ ਹੈ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੇਇੰਗ ਗੈਸਟ (ਪੀ. ਜੀ.) ਦੇ ਰੂਪ ਵਿਚ ਰਹਿ ਰਹੇ ਲੜਕੇ ਨਸ਼ੇ ਦੀ ਪੂਰਤੀ ਲਈ ਝਪਟਮਾਰੀ ਕਰ ਰਹੇ ਹਨ। ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼. ਆਪਣੇ-ਆਪਣੇ ਖੇਤਰ 'ਚ ਰਹਿ ਰਹੇ ਪੀ. ਜੀ. ਲੜਕਿਆਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ।
ਵਿਆਹਾਂ ਦੇ ਸੀਜ਼ਨ ਨੂੰ ਵੀ ਦੱਸਿਆ ਕਾਰਨ
ਪੁਲਸ ਨੇ ਝਪਟਮਾਰੀ ਦੀਆਂ ਵਧਦੀਆਂ ਵਾਰਦਾਤਾਂ ਦਾ ਕਾਰਨ ਵਿਆਹ ਸੀਜ਼ਨ ਵੀ ਦੱਸਿਆ ਹੈ। ਪੁਲਸ ਅਨੁਸਾਰ ਵਿਆਹ ਸਮਾਰੋਹ 'ਚ ਜਾਂਦੇ ਸਮੇਂ ਜਾਂ ਪਰਤਦੇ ਸਮੇਂ ਜ਼ਿਆਦਾ ਝਪਟਮਾਰੀਆਂ ਹੋਈਆਂ ਹਨ ਜਿਨ੍ਹਾਂ 'ਚ ਔਰਤਾਂ ਦੇ ਗਲੇ ਤੋਂ ਚੇਨ ਤੇ ਪਰਸ ਝਪਟ ਲਏ ਗਏ। ਪੁਲਸ ਅਨੁਸਾਰ ਫੜੇ ਗਏ ਸਾਰੇ ਝਪਟਮਾਰ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਈ ਤਾਂ ਵਾਰ-ਵਾਰ ਫੜੇ ਜਾ ਚੁੱਕੇ ਹਨ ਪਰ ਲਚਾਰ ਕਾਨੂੰਨ ਕਾਰਨ ਬੇਲ ਮਿਲ ਜਾਂਦੀ ਹੈ ਤੇ ਉਹ ਫਿਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੋਰਟ ਨੇ ਸਾਲਿਸਟਰ ਜਨਰਲ ਆਫ ਇੰਡੀਆ ਨੂੰ ਵੀ ਤਲਬ ਕੀਤਾ ਹੈ ਤੇ ਕਿਹਾ ਹੈ ਕਿ ਕੋਰਟ ਨੂੰ ਦੱਸਿਆ ਜਾਵੇ ਕਿ ਇਸ ਤੋਂ ਪਹਿਲਾਂ ਹੋਈ ਸੁਣਵਾਈ ਸਮੇਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਝਪਟਮਾਰੀ ਵਰਗੇ ਦੋਸ਼ ਨੂੰ ਗੈਰ-ਜ਼ਮਾਨਤੀ ਬਣਾਉਣ ਲਈ ਕੀ ਕਦਮ ਚੁੱਕੇ ਗਏ ਹਨ? 3 ਅਪ੍ਰੈਲ ਨੂੰ ਹੋਣ ਵਾਲੀ ਸੁਣਵਾਈ 'ਚ ਪ੍ਰਸ਼ਾਸਨ ਨੇ ਵੀ ਇਸ ਸਬੰਧੀ ਜਵਾਬ ਦਾਖਲ ਕਰਨਾ ਹੈ। ਸੁਣਵਾਈ ਦੌਰਾਨ ਚੰਡੀਗੜ੍ਹ ਦੀ ਐੱਸ. ਐੱਸ. ਪੀ. ਵੀ ਕੋਰਟ 'ਚ ਹਾਜ਼ਰ ਰਹਿਣਗੇ ਤੇ ਸਨੈਚਿੰਗ ਨੂੰ ਰੋਕਣ ਲਈ ਹੁਣ ਤਕ ਕੀਤੇ ਗਏ ਉਪਰਾਲਿਆਂ 'ਤੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨਗੇ।