58ਵਾਂ ਖੇਡ ਸਮਾਗਮ : ਅਨੁਰਾਗ ਸ਼ਰਮਾ ਅਤੇ ਮਹਿਕਦੀਪ ‘ਬੈਸਟ ਐਥਲੀਟ’ ਐਲਾਨੇ
Monday, Apr 01, 2019 - 04:16 AM (IST)
ਪਟਿਆਲਾ (ਜੋਸਨ)-ਖ਼ਾਲਸਾ ਕਾਲਜ ਵੱਲੋਂ 58ਵੇਂ ਸਾਲਾਨਾ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਸੂਚਨਾ ਕਮਿਸ਼ਨਰ ਪਵਨ ਕੁਮਾਰ ਸਿੰਗਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਪਨ ਸਮਾਰੋਹ ਦੌਰਾਨ ਏਸ਼ੀਅਨ ਮੈਡਲਿਸਟ ਸਵਰਨ ਸਿੰਘ ਵਿਰਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ। ਸਮਾਗਮ ਦੌਰਾਨ ਅਨੁਰਾਗ ਸ਼ਰਮਾ ‘ਬੈਸਟ ਅੈਥਲੀਟ’ ਲਡ਼ਕੇ ਅਤੇ ਮਹਿਕਦੀਪ ਕੌਰ ‘ਬੈਸਟ ਐਥਲੀਟ’ ਲਡ਼ਕੀਆਂ ਚੁਣੇ ਗਏ। ਇਸ ਮੌਕੇ ਡਾ. ਪਵਨ ਕੁਮਾਰ ਸਿੰਗਲਾ ਨੇ ਸੰਬੋਧਿਤ ਹੁੰਦਿਆਂ ਵਿਦਿਆਰਥੀਆਂ ਦੁਆਰਾ ਵੱਖ-ਵੱਖ ਖੇਤਰਾਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਨ ’ਤੇ ਵਧਾਈ ਦਿੱਤੀ। ਸਵਰਨ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ ਇੰਨੀ ਸ਼ਾਂਤੀ ਨਾਲ ਕਰੋ ਕਿ ਸਫਲਤਾ ਸ਼ੋਰ ਮਚਾ ਦੇਵੇ। ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਇਕਾਗਰਤਾ, ਦ੍ਰਿਡ਼੍ਹ ਸੰਕਲਪ ਅਤੇ ਸਾਹਸ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਹਰ ਮੁਸ਼ਕਲ ਲਈ ਹੌਸਲੇ ਬੁਲੰਦ ਰੱਖਣ ਲਈ ਪ੍ਰੇਰਿਤ ਕੀਤਾ। ਸਮਾਗਮ ’ਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਰਾਜਦੀਪ ਸਿੰਘ ਨੇ ਬਾਖੂਬੀ ਕੀਤਾ।
