ਸਿੱਖਿਆ ਅਤੇ ਗਿਆਨ ਬਿਨਾਂ ਮਨੁੱਖਾ ਜ਼ਿੰਦਗੀ ਬੇਕਾਰ : ਸ਼ਰਮਾ
Saturday, Jan 19, 2019 - 09:48 AM (IST)
ਪਟਿਆਲਾ (ਮਾਨ)-ਸਬ-ਡਵੀਜ਼ਨ ਪਾਤਡ਼ਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਨਵ-ਨਿਯੁਕਤ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਮੋਹਨ ਲਾਲ ਸ਼ਰਮਾ ਪ੍ਰਿੰਸੀਪਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਮਤਾ ਗੱਖਡ਼ ਨੇ ਕਿਹਾ ਕਿ ਡਾ. ਸ਼ਰਮਾ ਦੀ ਨਿਯੁਕਤੀ ਪਛਡ਼ੇ ਹੋਏ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ। ਪਹਿਲੀ ਵਾਰ ਡਾ. ਸ਼ਰਮਾ ਦੇ ਜ਼ਰੀਏ ਇਸ ਜ਼ਿਲੇ ਨੂੰ ਮਾਣ ਪ੍ਰਾਪਤ ਹੋਇਆ ਹੈ। ਇਸ ਨਿਯੁਕਤੀ ਨਾਲ ਸਿੱਖਿਆ ਦੇ ਖੇਤਰ ਵਿਚ ਯਕੀਕਨ ਸੁਧਾਰ ਦੇਖਣ ਨੂੰ ਮਿਲੇਗਾ। ਉਪਰੰਤ ਡਾ. ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਅਤੇ ਗਿਆਨ ਤੋਂ ਬਿਨਾਂ ਮਨੁੱਖ ਜ਼ਿੰਦਗੀ ਬੇਕਾਰ ਹੈ। ਇਸ ਲਈ ਅਧਿਆਪਕਾਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਅ ਕੇ ਬੱਚਿਆਂ ਨੂੰ ਕਾਬਲ ਬਣਾਉਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਹਰ ਟੀਚਰ ਨੂੰ ਆਪੋ-ਆਪਣਾ ਟੀਚਾ ਲੈ ਕੇ ਵਧੀਆ ਨਤੀਜੇ ਲੋਕਾਂ ਸਾਹਮਣੇ ਰੱਖ ਕੇ ਰੋਲ ਮਾਡਲ ਦੇ ਤੌਰ ’ਤੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਗਰੀਬ ਦੇ ਬੱਚੇ ਨੂੰ ਸਿੱਖਿਆ ਦਿਵਾਉਣ ਲਈ ਸਿਰਤੋਡ਼ ਮਿਹਨਤ ਕਰਨਗੇ। ਸਰਕਾਰੀ ਸਕੂਲਾਂ ਨੂੰ ਕਮਰਸ਼ੀਅਲ ਸਕੂਲਾਂ ਦੇ ਹਾਣ ਦਾ ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਗੁਰਚਰਨ ਸਿੰਘ, ਬਿੱਟੂ ਮੈਣੀ, ਪ੍ਰਧਾਨ ਨਰੇਸ਼ ਬਾਂਸਲ, ਦਰਸ਼ਨ ਸਿੰਘ ਮਿੰਨੀ, ਪਵਨ ਕੁਮਾਰ ਲੱਕੀ, ਸੈਕਟਰੀ ਚਮਨ ਲਾਲ, ਦੇਸ ਰਾਜ ਗਰਗ, ਰਾਜਿੰਦਰ ਅਗਰਵਾਲ, ਵਿਨੋਦ ਕੁਮਾਰ ਅਤੇ ਮਨੋਜ ਮੌਜੀ ਮੌਜੂਦ ਸਨ।
