ਗ੍ਰਿਫਤਾਰੀ ਦੀ ਪੇਸ਼ਕਸ਼ ਕਰਨ ਤੋਂ ਬਾਅਦ ਬਾਦਲ ਦਾ ਇਕ ਹੋਰ ਵੱਡਾ ਬਿਆਨ
Friday, Feb 22, 2019 - 07:02 PM (IST)
ਸੰਗਰੂਰ (ਕੋਹਲੀ) : ਬੀਤੇ ਦਿਨੀਂ ਚੰਡੀਗੜ੍ਹ 'ਚ ਗ੍ਰਿਫਤਾਰੀ ਦੇਣ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਟੈਂਡ ਤੋਂ ਯੂ-ਟਰਨ ਲੈ ਲਿਆ ਜਾਪਦਾ ਹੈ। ਸਰਦਾਰ ਬਾਦਲ ਨੇ ਗ੍ਰਿਫਤਾਰੀ ਦੀ ਪੇਸ਼ਕਸ਼ ਕਰਨ ਤੋਂ ਇਕ ਦਿਨ ਬਾਅਦ ਹੀ ਸਾਫ ਕੀਤਾ ਹੈ ਕਿ ਜੇਕਰ ਕਿਸੇ ਸੂਬੇ ਵਿਚ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਨਹੀਂ ਹੁੰਦਾ। ਬਾਦਲ ਨੇ ਬਾਕਾਇਦਾ ਉਦਾਹਰਨ ਦਿੱਤੀ ਕਿ ਹੁਣ ਜਿਵੇਂ ਪੁਲਵਾਮਾ ਵਿਚ ਅੱਤਵਾਦੀ ਹਮਲਾ ਹੋਇਆ ਤਾਂ ਕੀ ਪ੍ਰਧਾਨ ਮੰਤਰੀ 'ਤੇ ਕੇਸ ਦਰਜ ਹੋ ਜਾਵੇ, ਅਜਿਹਾ ਨਹੀਂ ਹੁੰਦਾ।
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਐੱਸ. ਆਈ. ਟੀ. ਬਣਾ ਕੇ ਸਿਰਫ ਅਤੇ ਸਿਰਫ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਇਹ ਸਾਰੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਬਾਦਲ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਾਰ ਦਿੰਦਿਆਂ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀ ਪਾਰਟੀ ਕਰਾਰ ਦਿੱਤਾ। ਇਸ ਦੌਰਾਨ ਜਦੋਂ ਸੁਖਦੇਵ ਸਿੰਘ ਢੀਂਡਸਾ ਵਲੋਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਹੋਣ 'ਤੇ ਦਿੱਤੇ ਗਏ ਬਿਆਨ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।