ਬਾਦਲ ਲੋਕ ਸਭਾ ਚੋਣਾਂ ਤੋਂ ਰਹਿ ਸਕਦੇ ਨੇ ਦੂਰ

01/23/2019 2:13:08 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਬਾਰੇ ਚਰਚਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਪਟਿਆਲਾ ਜਾਂ ਲੁਧਿਆਣਾ ਹਲਕੇ ਤੋਂ ਚੋਣ ਲੜਨ ਲਈ ਉਮੀਦਵਾਰ ਬਣਾ ਸਕਦੇ ਹਨ। ਇਸ ਮਾਮਲੇ 'ਚ ਅੱਜ ਪਾਰਟੀ ਅੰਦਰ ਬੈਠੇ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਬਾਦਲ ਇਸ ਵਾਰ ਲੋਕ ਸਭਾ ਹਲਕੇ ਤੋਂ ਚੋਣ ਕਿਸੇ ਵੀ ਕੀਮਤ 'ਤੇ ਨਹੀਂ ਲੜ ਸਕਦੇ ਕਿਉਂਕਿ ਉਨ੍ਹਾਂ ਦੀ ਸਿਹਤ ਅਤੇ ਵਡੇਰੀ ਉਮਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇਵੇਗੀ। ਬਾਕੀ ਬਾਦਲ ਨਹੀਂ ਜਾਣਦੇ ਹਨ ਕਿ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਹਨ। ਸਿਰਸਾ ਸਾਧ ਨੂੰ ਮੁਆਫੀ, ਬੇਅਦਬੀ ਕਾਂਡ, ਬਹਿਬਲ ਗੋਲੀਕਾਂਡ ਤੇ ਟਕਸਾਲੀਆਂ ਵਲੋਂ ਵੱਖਰੀ ਪਾਰਟੀ ਬਣਾਉਣ ਕਾਰਨ ਲੋਕਾਂ ਦੇ ਰੋਸ ਤੇ ਰੋਹ ਦਾ ਸਾਹਮਣਾ ਕਰਨਾ ਇਨ੍ਹਾਂ ਚੋਣਾਂ 'ਚ ਮੁੱਖ ਮੁੱਦਾ ਹੋਵੇਗਾ।

ਅਕਾਲੀ ਆਗੂਆਂ ਨੇ ਦੱਸਿਆ ਕਿ ਬਾਦਲ ਨੇ ਸਿਰਫ ਇਕ ਵਾਰ 1977-78 'ਚ ਫਰੀਦਕੋਟ ਤੋਂ ਐੱਮ. ਪੀ. ਦੀ ਚੋਣ ਲੜੀ ਸੀ ਤੇ ਕੇਂਦਰੀ ਮੰਤਰੀ ਬਣੇ ਸਨ ਪਰ ਉਨ੍ਹਾਂ ਦੀ ਕੇਂਦਰ ਸਰਕਾਰ ਵਿਚ ਦਿਲਚਸਪੀ ਨਾ ਹੋਣ ਕਰ ਕੇ ਉਹ ਮੁੜ ਪੰਜਾਬ ਦੀ ਸਿਆਸਤ ਵਿਚ ਆ ਗਏ ਸਨ ਤੇ ਇਸੇ ਤਰ੍ਹਾਂ 40 ਸਾਲਾਂ ਵਿਚ ਹੋਈਆਂ ਚੋਣਾਂ ਵਿਚ ਉਨ੍ਹਾਂ ਕੇਂਦਰ ਵਿਚ ਚੋਣ ਲੜਨ ਵੱਲ ਮੂੰਹ ਨਹੀਂ ਕੀਤਾ ਪਰ ਮੁੱਖ ਮੰਤਰੀ ਜ਼ਰੂਰ ਬਣਦੇ ਰਹੇ। ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਣਨ ਲਈ ਡਾ. ਦਲਜੀਤ ਚੀਮਾ ਸਕੱਤਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਬਜ਼ੁਰਗ ਹੋਣ ਕਾਰਨ ਉਹ ਜ਼ਿਆਦਾਤਰ ਸਮਾਗਮਾਂ 'ਤੇ ਵੀ ਨਹੀਂ ਜਾ ਰਹੇ। ਇਸ ਲਈ ਜ਼ਿਆਦਾ ਚੰਗਾ ਹੋਵੇਗਾ ਕਿ ਉਨ੍ਹਾਂ ਨੂੰ ਹੀ ਚੋਣ ਲੜਨ ਬਾਰੇ ਪੁੱਛ ਲਵੋ। ਉਨ੍ਹਾਂ ਦਾ ਇਹ ਇਸ਼ਾਰਾ ਬਹੁਤ ਕੁਝ ਕਹਿ ਗਿਆ। ਬਾਦਲ ਚੋਣਾਂ ਦੌਰਾਨ ਆਪਣੀ ਨੂੰਹ ਰਾਣੀ ਬੀਬਾ ਹਰਸਿਮਰਤ ਬਾਦਲ ਦੇ ਚੋਣ ਮੈਦਾਨ 'ਚ ਪ੍ਰਚਾਰ ਦੌਰਾਨ ਜ਼ਰੂਰ ਕਿਤੇ ਨਾ ਕਿਤੇ ਦੇਖੇ ਜਾ ਸਕਦੇ ਹਨ।


Anuradha

Content Editor

Related News