ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ ''ਚ
Saturday, Jun 03, 2023 - 06:30 PM (IST)
ਅੰਮ੍ਰਿਤਸਰ (ਸਰਬਜੀਤ)- ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ ’ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਸ ਨੇ ਰਾਤ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਕੋਈ ਬੰਬ ਨਹੀਂ ਮਿਲਿਆ। ਦੂਜੇ ਪਾਸੇ ਪੁਲਸ ਦੀ ਸਾਈਬਰ ਟੀਮ ਮੋਬਾਈਲ ਨੰਬਰ ਨੂੰ ਟਰੇਸ ਕਰ ਰਹੀ ਸੀ, ਜਿਸ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ।
ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ
ਸਵੇਰੇ ਪੰਜ ਵਜੇ ਪੁਲਸ ਨੇ ਇੱਕ ਨਿਹੰਗ (20) ਸਮੇਤ ਚਾਰ ਨਾਬਾਲਗਾਂ ਨੂੰ ਹਿਰਾਸਤ 'ਚ ਲਿਆ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਸ਼ਰਾਰਤ ਕਰਨ ਦੀ ਨੀਅਤ ਨਾਲ ਇਹ ਸੁਨੇਹਾ ਪੁਲਸ ਕੰਟਰੋਲ ਰੂਮ ਨੂੰ ਦਿੱਤਾ ਸੀ ਪਰ ਕੰਟਰੋਲ ਰੂਮ ’ਤੇ ਬੈਠੀ ਟੀਮ ਨੇ ਮੁਲਜ਼ਮਾਂ ਨੂੰ ਕਈ ਵਾਰ ਵਾਪਸ ਕਾਲ ਕੀਤੀ ਪਰ ਉਸਨੇ ਨਹੀਂ ਚੁੱਕਿਆ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਨੌਨਿਹਾਲ ਸਿੰਘ ਨੂੰ ਸੂਚਿਤ ਕੀਤਾ। ਕੁਝ ਦੇਰ ਬਾਅਦ ਹੀ ਪੁਲਸ ਲਾਈਨ ਤੋਂ ਦਸ ਬੰਬ ਨਿਰੋਧਕ ਟੀਮਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਈਆਂ। ਹਾਲਾਂਕਿ ਉਦੋਂ ਤੱਕ ਪੂਰੇ ਪੰਜਾਬ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ : ਐਡਵੋਕੇਟ ਧਾਮੀ
ਪੁਲਸ ਨੂੰ ਖ਼ਦਸ਼ਾ ਹੈ ਕਿ ਹਮਲਾਵਰ ਪੰਜਾਬ ਭਰ 'ਚ ਲੁੱਕੇ ਹੋ ਸਕਦੇ ਹਨ। ਪੁਲਸ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਪਹੁੰਚ ਕੇ ਬੰਬ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਪਰ ਸਾਈਬਰ ਸੈੱਲ ਫੋਨ ਕਰਨ ਵਾਲੇ ਵਿਅਕਤੀ ਦੀ ਭਾਲ 'ਚ ਸੀ। ਸਵੇਰ ਤੱਕ ਪੁਲਸ ਨੂੰ ਨਾ ਤਾਂ ਬੰਬ ਮਿਲਿਆ ਅਤੇ ਨਾ ਹੀ ਬੰਬ ਲਗਾਉਣ ਵਾਲੇ ਵਿਅਕਤੀ ਦਾ ਪਤਾ ਲੱਗਾ। ਸਵੇਰੇ ਪੰਜ ਵਜੇ ਪਤਾ ਲੱਗਾ ਕਿ ਫੋਨ ਕਰਨ ਵਾਲਾ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਾਂਸਾ ਵਾਲਾ ਬਾਜ਼ਾਰ ਵਿੱਚ ਰਹਿੰਦਾ ਹੈ ਅਤੇ ਉਸ ਨੇ ਚੋਰੀ ਹੋਏ ਮੋਬਾਈਲ ਰਾਹੀਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ।
ਇਹ ਵੀ ਪੜ੍ਹੋ- ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ
ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਸਵੇਰੇ ਪੰਜ ਵਜੇ ਮੁਲਜ਼ਮ ਦੇ ਘਰੋਂ ਫੜ ਲਿਆ। ਪਤਾ ਲੱਗਾ ਹੈ ਕਿ ਫੋਨ ਕਰਨ ਵਾਲਾ 20 ਸਾਲਾ ਨਿਹੰਗ ਹੈ ਅਤੇ ਆਸਪਾਸ ਦੇ ਚਾਰ ਨਾਬਾਲਗ ਵੀ ਉਸ ਦੀ ਸ਼ਰਾਰਤ ਵਿਚ ਸ਼ਾਮਲ ਹਨ। ਪੁਲਸ ਨੇ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਨਾਬਾਲਗ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।