ਆਨਲਾਈਨ ਰਜਿਸਟਰੀ ਸਿਸਟਮ : ਤੱਤਕਾਲ ਸੇਵਾ ਫੇਲ

Tuesday, Aug 21, 2018 - 04:17 AM (IST)

ਆਨਲਾਈਨ ਰਜਿਸਟਰੀ ਸਿਸਟਮ : ਤੱਤਕਾਲ ਸੇਵਾ ਫੇਲ

 ਅੰਮ੍ਰਿਤਸਰ,  (ਨੀਰਜ)-  ਪੰਜਾਬ ਸਰਕਾਰ ਦੇ ਮਾਲ ਵਿਭਾਗ  ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਰਜਿਸਟਰੀ ਸਿਸਟਮ ਤਾਂ ਆਮ ਜਨਤਾ ਲਈ ਗਲੇ ਦੀ ਹੱਡੀ ਬਣਦੀ ਹੀ ਜਾ ਰਹੀ ਹੈ ਉਥੇ ਹੀ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਤੱਤਕਾਲ ਸੇਵਾ ਵੀ ਬੁਰੀ ਤਰ੍ਹਾਂ ਨਾਲ ਫੇਲ ਨਜ਼ਰ ਆ ਰਹੀ ਹੈ। ਆਮ ਤੌਰ ’ਤੇ ਪਾਸਪੋਰਟ ਦਫਤਰ ਵਿਚ ਪ੍ਰਯੋਗ ਕੀਤੀ ਜਾਣ ਵਾਲੀ ਤੱਤਕਾਲ ਸੇਵਾ ਦੀ ਤਰ੍ਹਾਂ ਰਜਿਸਟਰੀ ਦਫਤਰਾਂ ਵਿਚ ਵੀ ਸ਼ੁਰੂ ਕੀਤੀ ਗਈ ਤੱਤਕਾਲ ਸੇਵਾ ਨੂੰ ਵੇਖ ਕੇ ਇਹ ਮੰਨਿਆ ਜਾ ਰਿਹਾ ਸੀ ਕਿ ਲੋਕ ਇਸ ਦਾ ਪੂਰਾ ਲਾਭ ਲੈਣਗੇ ਪਰ ਇਕ ਹਫ਼ਤੇ ਦੌਰਾਨ ਹੋਈ ਪੰਜ ਸੌ ਤੋਂ ਜ਼ਿਆਦਾ ਰਜਿਸਟਰੀਆਂ ਵਿਚ ਕਿਸੇ ਵੀ ਵਿਅਕਤੀ ਨੇ ਤੱਤਕਾਲ ਸੇਵਾ ਦਾ ਪ੍ਰਯੋਗ ਨਹੀਂ ਕੀਤਾ । ਮਾਲ ਵਿਭਾਗ ਦੇ ਜਾਣਕਾਰਾਂ ਅਨੁਸਾਰ ਇਹ ਸੇਵਾ ਆਮ ਜਨਤਾ ਲਈ ਤੱਤਕਾਲ ਸੇਵਾ ਦਾ ਕੰਮ ਹੀ ਨਹੀਂ ਕਰ ਰਹੀ  ਕਿਉਂਕਿ ਇਸ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਹੈ। ਤੱਤਕਾਲ ਸੇਵਾ ਦਾ ਮਤਲਬ ਹੈ ਰਜਿਸਟਰੀ ਕਰਵਾਉਣ ਵਾਲਾ ਵਿਅਕਤੀ ਮੌਕੇ ’ਤੇ ਆ ਕੇ ਪੰਜ ਹਜ਼ਾਰ ਰੁਪਿਆ ਫੀਸ ਭਰੇ ਅਤੇ ਉਸ ਸਮੇਂ ਉਸ ਨੂੰ ਅਪੁਆਇੰਟਮੈਂਟ ਮਿਲ ਜਾਵੇ ਅਤੇ ਉਹ ਆਪਣੀ ਰਜਿਸਟਰੀ ਕਰਵਾ ਸਕੇ ਪਰ ਮਾਲ ਵਿਭਾਗ  ਵੱਲੋਂ ਸ਼ੁਰੂ ਕੀਤੀ ਗਈ ਤੱਤਕਾਲ ਸੇਵਾ ਵਿਚ ਅਜਿਹਾ ਕੁੱਝ ਵੀ ਨਹੀਂ ਹੈ। ਇਸ ਸੇਵਾ ਦੇ ਤਹਿਤ ਲੋਕਾਂ ਨੂੰ ਸਿਰਫ ਸਵੇਰੇ ਨੌਂ ਤੋਂ  ਦਸ ਵਜੇ  ਵਿਚਕਾਰ ਹੀ ਤੱਤਕਾਲ ਸੇਵਾ ਦਾ ਲਾਭ ਮਿਲ ਸਕਦਾ ਹੈ ਅਤੇ ਇਸ  ਲਈ ਵੀ ਅਪੁਆਇੰਟਮੈਂਟ ਇਕ ਦਿਨ ਪਹਿਲਾਂ ਕਰਵਾਉਣੀ ਪੈਂਦੀ ਹੈ ਜਿਸ  ਨਾਲ ਤੱਤਕਾਲ ਸੇਵਾ ਦਾ ਮਤਲਬ ਹੀ ਬਦਲ ਜਾਂਦਾ ਹੈ । 

ਮੈਨੂਅਲ ਸਿਸਟਮ ਪੂਰੀ ਤਰ੍ਹਾਂ ਸੀ ਤੱਤਕਾਲ ਨਹੀਂ ਵਸੂਲੀ ਜਾਂਦੀ ਸੀ ਕੋਈ ਫੀਸ
ਆਨਲਾਈਨ ਰਜਿਸਟਰੀ ਸਿਸਟਮ ਦੀ ਤੁਲਨਾ ਮੈਨੂਅਲ ਰਜਿਸਟਰੀ ਸਿਸਟਮ ਦੀ ਗੱਲ ਕਰੀਏ ਤਾਂ ਮੈਨੂਅਲ ਸਿਸਟਮ ਆਪਣੇ ਆਪ ਵਿਚ ਹੀ ਪੂਰੀ ਤਰ੍ਹਾਂ ਨਾਲ ਤੱਤਕਾਲ ਸੀ ਅਤੇ ਉਸ ਵਿਚ ਕਿਸੇ ਤਰ੍ਹਾਂ ਦੀ ਤੱਤਕਾਲ ਫੀਸ ਵਸੂਲ ਨਹੀਂ ਕੀਤੀ ਜਾਂਦੀ ਸੀ। ਲੋਕ ਵਸੀਕਾ ਨਵੀਸ ਤੋਂ ਰਜਿਸਟਰੀ ਲਿਖਵਾਉਂਦੇ ਸਨ ਅਤੇ ਰਜਿਸਟਰੀ ਦਫਤਰ ਵਿਚ ਜਾ ਕੇ ਆਪਣੀ ਰਜਿਸਟਰੀ ਕਰਵਾਉਂਦੇ ਸਨ ਪਰ ਮੌਜੂਦਾ ਹਾਲਾਤ ਵਿਚ ਸਰਕਾਰ ਨੇ ਨਵੇਂ ਸਿਸਟਮ ਦੀ ਆਡ਼ ਵਿਚ ਆਮ ਜਨਤਾ ’ਤੇ ਇਕ ਹੋਰ ਬੋਝ ਪਾ ਦਿੱਤਾ ਹੈ ਜੋ ਕਿਸੇ ਨੂੰ ਵੀ ਰਾਸ ਨਹੀਂ ਆ ਰਿਹਾ  । 

 


Related News