ਬੰਦੀ ਛੋੜ ਦਿਵਸ ਮੌਕੇ ਜਾਹੋ-ਜਲਾਲ ਨਾਲ ਕੱਢਿਆ ਮਹੱਲਾ, ਸੁੰਦਰ ਸਜੇ ਹਾਥੀ ਤੇ ਨੱਚਦੇ ਘੋੜੇ ਰਹੇ ਖਿੱਚ ਦਾ ਕੇਂਦਰ
Sunday, Nov 03, 2024 - 01:42 PM (IST)
ਅੰਮ੍ਰਿਤਸਰ (ਦੀਪਕ, ਸਰਬਜੀਤ)-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਦਲਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ’ਚ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਮਹੱਲਾ ਕੱਢਿਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਆਦਾ ਅਨੁਸਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਨਿਹੰਗ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ ਆਦਿ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਬਾਬਾ ਇੰਦਰ ਸਿੰਘ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਬੁੱਢਾ ਦਲ ਦੇ ਇਤਿਹਾਸ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ
ਇਸ ਮੌਕੇ ਗੁ. ਮੱਲ ਅਖਾੜਾ ਸਹਿਬ ਪਾਤਸ਼ਾਹੀ ਛੇਵੀਂ ਵਿਖੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ਪੂਰਨ ਅਤੇ ਸ਼ਾਨਾਮੱਤਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਹਰ ਸਮੇਂ ਚੜ੍ਹਦੀਕਲਾ ’ਚ ਰਹਿੰਦਿਆਂ ਕੌਮ ਦੀ ਬਿਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਮਹੱਲੇ ਦੇ ਅੱਗੇ-ਅੱਗੇ ਗੱਤਕਾ ਕੋਚ ਬਾਬਾ ਦਰਸ਼ਨ ਸਿੰਘ ਪਟਿਆਲਾ ਅਤੇ ਭਾਈ ਸੁਰਪ੍ਰੀਤ ਸਿੰਘ ਦੀ ਅਗਵਾਈ ’ਚ ਗੱਤਕਾ ਖਿਡਾਰੀਆਂ ਨੇ ਜੰਗਜੂ ਕਰਤੱਬ ਦੇ ਜੌਹਰ ਦਿਖਾਏ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਇਕ ਵਿਸ਼ਾਲ ਕਾਫਲਾ ਸੁੰਦਰ ਸ਼ਿੰਗਾਰੇ ਹੋਏ ਹਾਥੀਆਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਰੇਲਵੇ ਕਾਲੋਨੀ ਬੀ ਬਲਾਕ ਗਰਾਊਂਡ ਵਿਖੇ ਵਾਜਿਆਂ ਗਾਜਿਆਂ ਸਮੇਤ ਪੁੱਜਾ। ਘੋੜਿਆਂ ਦੀ ਦੌੜ ਤੇ ਨਿਹੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ। ਢੋਲ ਨਗਾਰਿਆਂ ਦੀਆਂ ਚੋਟਾਂ ’ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਰੇਲਵੇ ਕਾਲੋਨੀ ਬੀ ਬਲਾਕ ਗਰਾਊਂਡ ’ਚ ਸ਼ਾਮਲ ਹੋਏ। ਨਿਹੰਗ ਸਿੰਘਾਂ ਵੱਲੋਂ ਇੱਕ ਤੋਂ ਦੋ, ਦੋ ਤੋਂ ਤਿੰਨ ਅਤੇ ਛੇ-ਛੇ ਘੋੜਿਆਂ ਦੀ ਸਵਾਰੀ ਕਰ ਕੇ ਘੋੜ ਦੌੜ ਅਤੇ ਕਿੱਲੇ ਪੁੱਟਣ ਦੇ ਜੌਹਰ ਦਿਖਾਏ। ਨੱਚਦਿਆਂ ਘੋੜਿਆਂ ਨੇ ਲੋਕਾਂ ਦਾ ਮਨ ਮੋਹਿਆ।
ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ
ਮਹੱਲੇ ਵਿਚ ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਾਬਾ ਬਿਧੀ ਚੰਦ ਤਰਨਾ ਦਲ ਸੁਰਸਿੰਘ, ਜਥੇ. ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਇੰਦਰਜੀਤ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਬਾਬਾ ਰਾਜਾ ਰਾਮ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨਾ ਸਿੰਘ ਬਟਾਲਾ, ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਲਛਮਣ ਸਿੰਘ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਤਾਰਾ ਸਿੰਘ ਝਾੜ ਸਾਹਿਬ ਮਾਛੀਵਾੜਾ, ਬਾਬਾ ਰਘੁਬੀਰ ਸਿੰਘ ਖਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8