ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ
Friday, Jul 28, 2023 - 06:05 PM (IST)
ਮੋਗਾ (ਗੋਪੀ ਰਾਊਕੇ, ਆਜ਼ਾਦ) : ਮੋਗਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਜੇ. ਏਲਨਚੇਲੀਅਨ ਵਲੋਂ ਵੱਡੇ ਪੱਧਰ ’ਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵੱਖ-ਵੱਖ ਪੁਲਸ ਅਫ਼ਸਰਾਂ ਦੇ ਤਬਾਦਲਿਆਂ ਵਿਚ ਹੁਣ ਤੱਕ ਅਨੇਕਾਂ ਪੁਲਸ ਥਾਣਿਆਂ ਵਿਚ ਬਤੌਰ ਤਫਤੀਸ਼ੀ ਅਫ਼ਸਰ, ਚੌਕੀਆਂ ਦੇ ਇੰਚਾਰਜ, ਜ਼ਿਲ੍ਹਾ ਪੁਲਸ ਮੁਖੀ ਦੇ ਦਫਤਰ ਵਿਚ ਬਤੌਰ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਹੁਣ ਮੌਜੂਦਾ ਈ. ਓ. ਵਿੰਗ ਦੇ ਇੰਚਾਰਜ ਪੂਰਨ ਸਿੰਘ ਨੂੰ ਥਾਣਾ ਚੜਿੱਕ ਦਾ ਮੁੱਖ ਅਫਸਰ ਲਗਾਇਆ ਗਿਆ ਹੈ। ਹੁਣ ਤੱਕ ਅਨੇਕਾਂ ਅਹੁਦਿਆਂ ’ਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹੋਏ ਇੰਚਾਰਜ ਪੂਰਨ ਸਿੰਘ ਨੇ ਜਿੱਥੇ ਗੁੰਡਾ ਅਨਸਰਾਂ, ਨਸ਼ਾ ਸਮੱਗਲਰਾਂ ਸਮੇਤ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਿੱਜਠਿਆ ਹੈ, ਉੱਥੇ ਹੀ ਸਮਾਜ ਦੇ ਚੰਗੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਹੈ। ਲੋਕਾਂ ਵਿਚ ਬੇਹੱਦ ਸਤਿਕਾਰਤ ਸ਼ਖਸੀਅਤ ਮੰਨੇ ਜਾਂਦੇ ਅਫ਼ਸਰ ਪੂਰਨ ਸਿੰਘ ਸਾਹਿਤਕ ਮੱਸ ਵੀ ਰੱਖਦੇ ਹਨ। ਉਨ੍ਹਾਂ ਕੋਲ ਉਹ ਤਜ਼ਰਬਾ ਹੈ, ਜਿਸ ਦੇ ਆਧਾਰ ’ਤੇ ਉਹ ਮਿਲਣ ਵਾਲੇ ਵਿਅਕਤੀ ਦੀ ‘ਅੱਖ’ ਪੜ੍ਹ ਕੇ ਉਸਦੇ ਅੰਦਰੇ ਛੁਪੇ ਚੰਗੇ ਜਾਂ ਮਾੜੇਪਣ ਨੂੰ ਜਾਣ ਜਾਂਦੇ ਹਨ।
ਥਾਣਾ ਚੜਿੱਕ ਦਾ ਚਾਰਜ ਸੰਭਾਲਣ ਮਗਰੋਂ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮੁੱਖ ਅਫਸਰ ਪੂਰਨ ਸਿੰਘ ਨੇ ਕਿਹਾ ਕਿ ਥਾਣਾ ਚੜਿੱਕ ਅਧੀਨ ਆਉਦੇ ਪਿੰਡਾਂ ਵਿਚ ਨਸ਼ਾ ਸਮੱਗਲਿੰਗ ਨੂੰ ਖ਼ਤਮ ਕਰਨ ਲਈ ਜ਼ਿਲਾ ਪੁਲਸ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਨੂੰ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰ ਬਖਸ਼ੇ ਨਹੀਂ ਜਾਣਗੇ। ਇਸੇ ਦੌਰਾਨ ਹੀ ਇੰਸਪੈਕਟਰ ਲਛਮਣ ਸਿੰਘ ਨੂੰ ਇੰਚਾਰਜ ਸਪੈਸ਼ਲ ਸੈੱਲ ਤੋਂ ਪੁਲਸ ਲਾਈਨ ਮੋਗਾ, ਮਹਿਲਾ ਇੰਸਪੈਕਟਰ ਅਰਸਪ੍ਰੀਤ ਕੌਰ ਗਰੇਵਾਲ ਨੂੰ ਮੁੱਖ ਅਫਸਰ ਨਿਹਾਲ ਸਿੰਘ ਵਾਲਾ ਤੋਂ ਇੰਚਾਰਜ ਈ. ਓ. ਵਿੰਗ, ਐੱਸ. ਆਈ. ਜਸਵੀਰ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਨੂੰ ਮੁੱਖ ਅਫਸਰ ਨਿਹਾਲ ਸਿੰਘ ਵਾਲਾ, ਐੱਸ. ਆਈ. ਬਲਰਾਜ ਸਿੰਘ ਨੂੰ ਮੁੱਖ ਅਫਸਰ ਚੜਿੱਕ ਤੋਂ ਪੁਲਸ ਲਾਈਨ ਲਗਾਇਆ ਗਿਆ ਹੈ।