ਪ੍ਰਵਾਸੀ ਪੰਜਾਬੀਆਂ ਦਾ ਹੁਣ ਆਪਣੀ ਹੀ ਮਿੱਟੀ ਤੋਂ ਭੰਗ ਹੋਣ ਲੱਗਾ ਮੋਹ

10/14/2019 6:42:54 PM

ਹੁਸ਼ਿਆਰਪੁਰ (ਅਮਰਿੰਦਰ)— ਕਰੀਬ 2 ਸਾਲ ਪਹਿਲਾਂ ਹੋਈ ਨੋਟਬੰਦੀ ਅਤੇ ਜੀ. ਐੱਸ. ਟੀ. ਦੀ ਮਾਰ ਦੇ ਇਲਾਵਾ ਬਹੁਤ ਸਾਰੇ ਅਜਿਹੇ ਸਮਾਜਿਕ ਅਤੇ ਆਰਥਿਕ ਕਾਰਨਾਂ ਦੇ ਚੱਲਦੇ ਐੱਨ. ਆਰ. ਆਈ. ਪੰਜਾਬੀਆਂ ਦਾ ਹੁਣ ਆਪਣੀ ਹੀ ਮਿੱਟੀ ਤੋਂ ਮੋਹ ਟੁੱਟਣ ਲੱਗਾ ਹੈ। ਪੰਜਾਬ 'ਚ ਨਿਵੇਸ਼ ਤਾਂ ਦੂਰ ਲਾਲਫੀਤਾਸ਼ਾਹੀ, ਭ੍ਰਿਸ਼ਟਾਚਾਰ ਤੇ ਲਗਾਤਾਰ ਡਿੱਗਦੇ ਮੁਨਾਫੇ ਦੇ ਚਲਦੇ ਜ਼ਮੀਨੀ ਸੌਦੇ ਦੇ ਘਾਟੇ ਦਾ ਸਾਬਤ ਹੋਣਾ ਐੱਨ. ਆਰ. ਆਈ. ਪੰਜਾਬੀਆਂ ਨੂੰ ਪੰਜਾਬ 'ਚ ਨਿਵੇਸ਼ ਤੋਂ ਦੂਰ ਕਰਦਾ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ ਸਮੇਤ ਵੱਖ-ਵੱਖ ਏਸ਼ੀਆਈ, ਅਫਰੀਕੀ ਅਤੇ ਯੂਰਪੀ ਦੇਸ਼ਾਂ 'ਚ ਆਪਣੀ ਪਹੁੰਚ ਬਣਾਉਣ ਦੇ ਬਾਅਦ ਕਰੀਬ 12 ਲੱਖ ਐੱਨ. ਆਰ. ਆਈ. ਪੰਜਾਬੀ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਹੁਣ ਉਨ੍ਹਾਂ ਦੇਸ਼ਾਂ ਨੂੰ ਆਪਣੀ ਮਾਤਭੂਮੀ ਮੰਨਣ ਲੱਗ ਗਈਆਂ ਹਨ। ਹਾਲ ਇਹ ਹੈ ਕਿ ਆਪਣੀਆਂ ਜੜ੍ਹਾਂ ਦੀ ਤਲਾਸ਼ 'ਚ ਵਤਨ ਦੀ ਯਾਦ ਹੁਣ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਨਹੀਂ ਸਤਾਵੇਗੀ।

ਖਰੀਦਦਾਰ ਤੋਂ ਹੁਣ ਵਿਕਰੇਤਾ ਬਣਨ ਲੱਗੇ ਹਨ ਐੱਨ. ਆਰ. ਆਈਜ਼
ਇਕ ਸਮਾਂ ਸੀ ਜਦੋਂ ਵਿਦੇਸ਼ਾਂ 'ਚ ਵਸੇ ਪੰਜਾਬੀ ਜਦ ਉੱਥੋਂ ਪਰਤ ਕੇ ਪਿੰਡ ਪੁੱਜਦੇ ਸਨ, ਤਾਂ ਪਿੰਡਾਂ ਦੇ ਨਾਲ-ਨਾਲ ਆਪਣੇ ਨਜ਼ਦੀਕੀ ਸ਼ਹਿਰ 'ਚ ਖੁਲ੍ਹ ਕੇ ਜ਼ਮੀਨ ਖਰੀਦਿਆ ਕਰਦੇ ਸਨ। ਤਿਉਹਾਰ ਦੇ ਮੌਸਮ 'ਚ ਵਿਦੇਸ਼ਾਂ ਤੋਂ ਭਾਰੀ ਗਿਣਤੀ 'ਚ ਪੰਜਾਬੀ ਨਾ-ਸਿਰਫ ਆਪਣੀ ਮਿੱਟੀ ਦੇ ਮੋਹ 'ਚ ਪਿੰਡ ਪਰਤਦੇ ਸਨ, ਸਗੋਂ ਜਾਇਦਾਦ 'ਚ ਭਾਰੀ ਨਿਵੇਸ਼ ਕਰਿਆ ਕਰਦੇ ਸਨ ਪਰ ਹੁਣ ਹਾਲ ਇਹ ਹੈ ਕਿ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਸਮਾਰੋਹ ਜਾਂ ਕਿਸੇ ਪਵਿੱਤਰ ਸਥਾਨ 'ਤੇ ਸ਼ਰਧਾ ਦਾ ਪਾਲਣ ਕਰਨ ਲਈ ਆਉਣ ਵਾਲੇ ਐੱਨ. ਆਰ. ਆਈਜ਼ ਇਥੇ ਨਿਵੇਸ਼ ਕਰਨ ਦੀ ਬਜਾਏ ਉਹ ਆਮ ਤੌਰ 'ਤੇ ਜਾਇਦਾਦ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਪਰਤਣ ਤੋਂ ਵੀ ਹਿਚਕਿਚਾਉਣ ਲੱਗੇ ਹਨ ਐੱਨ. ਆਰ. ਆਈਜ਼
ਪਿਛਲੇ ਕਾਫੀ ਸਾਲਾਂ ਤੋਂ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀ ਐੱਨ. ਆਰ. ਆਈ. ਅਨੁਸਾਰ ਇਥੇ ਪੁੱਜਦੇ ਹੀ ਸਾਨੂੰ ਕਦਮ-ਕਦਮ 'ਤੇ ਭ੍ਰਿਸ਼ਟਾਚਾਰ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਆਪਣਾ ਸਭ ਕੁਝ ਇਥੇ ਛੱਡ ਐੱਨ. ਆਰ. ਆਈਜ਼ ਜਿਸ ਦੇ ਭਰੋਸੇ ਵਿਦੇਸ਼ ਜਾਂਦੇ ਹਨ ਪਰ ਜਦੋਂ ਉਹ ਇਥੇ ਪਰਤਦੇ ਹਨ ਤਾਂ ਨਾ-ਸਿਰਫ ਪਰਿਵਾਰਕ ਮੈਂਬਰ, ਸਗੋਂ ਰਿਸ਼ਤੇਦਾਰਾਂ ਦੇ ਨਾਲ-ਨਾਲ ਪੁਲਸ ਵੀ ਮਾਲਦਾਰ ਸਾਮੀ ਸਮਝ ਐੱਨ. ਆਰ. ਆਈਜ਼ ਨੂੰ ਕਈ ਵਾਰ ਝੂਠੇ ਮਾਮਲਿਆਂ 'ਚ ਫਸਾ ਕੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਐੱਨ. ਆਰ. ਆਈਜ਼ ਦਾ ਹੁਣ ਆਪਣੀ ਹੀ ਮਿੱਟੀ ਤੋਂ ਮੋਹ ਭੰਗ ਹੋਣ ਲੱਗ ਪਿਆ ਹੈ।

ਅੰਕੜੇ ਵੀ ਵਿਖਾ ਰਹੇ ਸੱਚਾਈ ਦਾ ਸ਼ੀਸ਼ਾ
ਡਿਪਾਰਟਮੈਂਟ ਆਫ ਇਕਨਾਮਿਕ ਐਂਡ ਸੋਸ਼ਲ ਅਫੇਅਰ ਦੇ ਅੰਕੜਿਆਂ ਅਨੁਸਾਰ ਇਕੱਲੇ ਇੰਗਲੈਂਡ 'ਚ ਇਸ ਸਮੇਂ 4 ਲੱਖ 30 ਹਜ਼ਾਰ, ਅਮਰੀਕਾ 'ਚ 2 ਲੱਖ 30 ਹਜ਼ਾਰ, ਕੈਨੇਡਾ 'ਚ 6 ਲੱਖ 70 ਹਜ਼ਾਰ ਪੰਜਾਬੀ ਰਹਿ ਰਹੇ ਹਨ। ਐੱਨ. ਆਰ. ਆਈਜ਼ ਦੇ ਹਿੱਤਾਂ ਲਈ ਗਠਿਤ ਕਮਿਸ਼ਨ ਦੇ ਅੰਕੜੇ ਵੀ ਗਵਾਹ ਹਨ ਕਿ ਇਸ ਸਾਲ ਹੁਣ ਤੱਕ 60 ਤੋਂ ਵੀ ਜ਼ਿਆਦਾ ਸਮੱਸਿਆਵਾਂ ਐੱਨ. ਆਰ. ਆਈਜ਼ ਦੀਆਂ ਜਾਇਦਾਦ ਦੇ ਮਾਮਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜੇਕਰ ਐੱਨ. ਆਰ. ਆਈ. ਵਿੰਗ ਦੇ ਅੰਕੜੇ 'ਤੇ ਗੌਰ ਕਰੀਏ ਤਾਂ ਸਾਲ 2013 'ਚ 221 ਜਾਇਦਾਦ ਵਿਵਾਦ ਦਰਜ ਕੀਤੇ ਗਏ ਹਨ। 2015 'ਚ ਮਾਮਲਿਆਂ ਦੀ ਗਿਣਤੀ 31 ਸੀ, ਜੋ 2016 ਵਿਚ ਵੱਧ ਕੇ 44 , ਸਾਲ 2017 ਵਿਚ 23 , ਸਾਲ 2018 ਵਿਚ 21 ਅਤੇ ਇਸ ਸਾਲ ਹੁਣ ਤੱਕ 20 ਮਾਮਲੇ ਸਾਹਮਣੇ ਆਏ ਹਨ ।

ਰੀਅਲ ਅਸਟੇਟ 'ਚ ਨਿਵੇਸ਼ ਨਹੀਂ ਰਿਹਾ ਲਾਭਦਾਇਕ
ਪੰਜਾਬ 'ਚ ਦੋਆਬਾ ਖੇਤਰ ਨੂੰ ਐੱਨ. ਆਰ. ਆਈਜ਼ ਦਾ ਹਾਰਟਲੈਂਡ ਮੰਨਿਆ ਜਾਂਦਾ ਹੈ। ਕਈ ਐੱਨ. ਆਰ. ਆਈਜ਼ ਨੇ ਦੱਸਿਆ ਕਿ ਹਾਲ ਹੀ 'ਚ ਲਾਗੂ ਰੀਅਲ ਅਸਟੇਟ ਐਕਟ ਪ੍ਰਭਾਵੀ ਨਹੀਂ ਹੈ। ਹੁਸ਼ਿਆਰਪੁਰ ਦੇ ਐੱਨ. ਆਰ. ਆਈ. ਮੋਹਿੰਦਰ ਸਿੰਘ ਅਨੁਸਾਰ 3 ਸਾਲ ਪਹਿਲਾਂ ਮੈਂ ਇਕ ਪਲਾਟ 50 ਲੱਖ 'ਚ ਖਰੀਦਿਆ ਸੀ, ਪਰ ਇਸ ਸਮੇਂ ਇਸਦਾ ਮੁੱਲ 30 ਲੱਖ ਤੱਕ ਵੇਚ ਨਹੀਂ ਪਾ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਉਲਟ ਅਮਰੀਕਾ 'ਚ ਜਾਇਦਾਦ ਦਾ ਰਿਟਰਨ ਪਿਛਲੇ ਕੁਝ ਸਾਲਾਂ 'ਚ ਸੁਧਾਰ ਹੋਇਆ ਹੈ।


shivani attri

Content Editor

Related News