ਨਗਰ ਕੀਰਤਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਦਾ ਮਾਮਲਾ ਭਖਿਆ

11/28/2017 2:31:05 AM

ਫਤਿਹਗੜ੍ਹ ਸਾਹਿਬ, (ਟਿਵਾਣਾ, ਜਗਦੇਵ)- ਫਤਿਹਗੜ੍ਹ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਫਤਿਹਗੜ੍ਹ ਸਾਹਿਬ ਤੋਂ ਰਾਸ਼ਟਰਪਤੀ ਭਵਨ ਦਿੱਲੀ ਤੱਕ ਦੋ ਰੋਜ਼ਾ ਵਿਸ਼ਾਲ ਖਾਲਸਾ ਮਾਰਚ ਆਰੰਭਿਆ ਗਿਆ, ਜਦੋਂ ਇਹ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਸਰੂਪ ਲੈਣ ਲਈ ਪਹੁੰਚਿਆ ਤਾਂ ਉਨ੍ਹਾਂ ਨੂੰ ਪਵਿੱਤਰ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਰਕੇ ਮਾਮਲਾ ਭਖ ਗਿਆ ਅਤੇ ਇਸ ਦੀ ਕਈ ਸਿੱਖ ਜਥੇਬੰਦੀਆਂ ਤੇ ਬੀਬੀਆਂ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। 
ਜ਼ਿਕਰਯੋਗ ਹੈ ਕਿ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ ਮੁੜ ਬਹਾਲੀ ਲਈ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਵਿਸ਼ਾਲ ਖਾਲਸਾ ਮਾਰਚ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਸਬੰਧ ਵਿਚ ਜਦੋਂ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਵਿੱਤਰ ਸਰੂਪ ਲੈਣ ਲਈ ਪਹੁੰਚਿਆ ਤਾਂ ਉਨ੍ਹਾਂ ਨੂੰ ਸਰੂਪ ਨਹੀਂ ਦਿੱਤਾ ਗਿਆ, ਜਿਸ ਕਰਕੇ ਸਿੱਖ ਸੰਗਤਾਂ ਵਿਚ ਭਾਰੀ ਰੋਹ ਫੈਲ ਗਿਆ। 
ਇਸ ਮੌਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਸਿੱਕਿਮ ਦੇ ਐੱਸ. ਡੀ. ਐੱਮ. ਨੂੰ ਮੋਹਰਾ ਬਣਾ ਕੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਮੰਦਰ ਬਣਾਉਣ 'ਚ ਯੋਗਦਾਨ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਉੱਥੋਂ ਲਾਂਭੇ ਕੀਤੇ ਗਏ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕੀਤੀ ਗਈ, ਜਿਸ ਦੀ ਮੁੜ ਬਹਾਲੀ ਲਈ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦਿਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦੇ ਰੂਪ ਵਿਚ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਈਆਂ ਅਤੇ ਇੱਥੇ ਨਮਸਕਾਰ ਕੀਤੀ। 
ਇਸ ਸਬੰਧ ਵਿਚ ਪੰਜ ਨਿਸ਼ਾਨ ਸਿੰਘ ਤਿਆਰ ਹੋ ਕੇ ਅੰਦਰ ਭੋਰਾ ਸਾਹਿਬ ਵਿਚ ਬੈਠੇ ਤੇ ਜਦੋਂ ਭਾਈ ਹਰਪਾਲ ਸਿੰਘ ਜੀ ਨੂੰ ਅਰਦਾਸ ਲਈ ਬੇਨਤੀ ਕੀਤੀ ਤਾਂ ਸਿੰਘਾਂ ਨੂੰ ਦਫ਼ਤਰ ਵਿਚ ਬੁਲਾਇਆ ਗਿਆ ਤੇ ਉੱਥੇ ਪਹਿਲਾਂ ਲਿਖਤੀ ਸਬੂਤ ਮੰਗਣ ਲੱਗੇ, ਫਿਰ ਕਹਿਣ ਲੱਗੇ ਕਿ ਉਨ੍ਹਾਂ ਦੇ ਸੇਵਾਦਾਰ ਵੀ ਮਾਰਚ ਦੇ ਨਾਲ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਪਵਿੱਤਰ ਸਰੂਪਾਂ ਦੀ ਕਈ ਵਾਰ ਬੇਅਦਬੀ ਹੋਈ, ਅੰਗ ਪਾੜ ਕੇ ਗਲੀਆਂ ਵਿਚ ਸੁੱਟ ਦਿੱਤੇ ਗਏ । ਉਨ੍ਹਾਂ ਕਿਹਾ ਕਿ ਇਸ ਲਈ ਉਹ ਜਿੱਥੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਚੱਲ ਰਹੇ ਹਨ, ਉੱਥੇ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਲੈ ਕੇ ਵੀ ਚੱਲ ਰਹੇ ਹਨ ਤਾਂ ਜੋ ਗੁਰੂ ਦੀਆਂ ਗੋਲਕਾਂ ਦੀ ਲੁੱਟਮਾਰ ਬੰਦ ਹੋ ਸਕੇ ਤੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। 
ਉਨ੍ਹਾਂ ਕਿਹਾ ਕਿ ਇਹ ਫਰਜ਼ ਸ਼੍ਰੋਮਣੀ ਕਮੇਟੀ ਦਾ ਬਣਦਾ ਸੀ, ਜਿਸ ਨੂੰ ਸਿੱਖ ਸਦਭਾਵਨਾ ਦਲ ਨਿਭਾਅ ਰਹੀ ਹੈ। ਸ਼੍ਰੋਮਣੀ ਕਮੇਟੀ ਬਾਦਲਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ, ਜਿਨ੍ਹਾਂ ਨੂੰ ਆਪਣਾ ਜ਼ਮੀਰ ਜਗਾਉਣ ਦੀ ਲੋੜ ਹੈ ਅਤੇ ਸਿੱਖ ਸੰਗਤਾਂ ਨੂੰ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। 
ਕੀ ਕਹਿਣੈ ਸ਼੍ਰੋਮਣੀ ਕਮੇਟੀ ਮੈਂਬਰ ਦਾ
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਸੁਨੇਹਾ ਮਿਲਿਆ ਸੀ ਪਰ ਕੁਝ ਨਿੱਜੀ ਕਾਰਨਾਂ ਕਰ ਕੇ ਉਹ ਇਸ ਮੌਕੇ ਸ਼ਾਮਲ ਨਾ ਹੋ ਸਕੇ ਪਰ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਦੇ ਸਬੰਧ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਫੋਨ 'ਤੇ ਗੱਲ ਕੀਤੀ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਨਿਰਦੇਸ਼ ਹਨ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਮਨਾਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰੂ ਸਾਹਿਬ ਦੇ ਸਰੂਪ ਨੂੰ ਦੇਣ ਤੋਂ ਇਨਕਾਰ ਕਰਨ ਵਾਲਾ ਜ਼ਿੰਮੇਵਾਰ ਕੌਣ ਹੈ? ਇਸ ਬਾਰੇ ਪਤਾ ਲਾ ਕੇ ਉਸ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਕਿਉਂਕਿ ਮਹਾਰਾਜ ਜੀ ਦਾ ਸਰੂਪ ਸਾਰੀ ਮਨੁੱਖਤਾ ਲਈ ਹੈ। 
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਿਰੋਧ ਕਰਨ ਲਈ ਨਹੀਂ, ਸਗੋਂ ਸੁਧਾਰ ਕਰਨ ਲਈ ਬਣਾਈ ਗਈ ਹੈ। ਸਾਡੇ ਵੱਲੋਂ ਕੋਈ ਇਨਕਾਰ ਨਹੀਂ ਤੇ ਉਹ ਗੁਰੂ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਸਕਦੇ ਹਨ। ਇਸ ਮੌਕੇ ਅਮਰਜੀਤ ਸਿੰਘ, ਗੁਰਪਾਲ ਸਿੰਘ, ਗੁਰਦੀਪ ਸਿੰਘ, ਕੁਲਵੰਤਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਵਿੰੰਦਰ ਸਿੰਘ, ਜਤਿੰਦਰਪਾਲ ਸਿੰਘ, ਬਾਬਾ ਜਸਵਿੰਦਰ ਸਿੰਘ, ਸਰਬਜੀਤ ਸਿੰਘ ਤੇ ਬਾਪੂ ਗੁਲਜ਼ਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।


Related News