ਕੁਨੈਲ ਪਿੰਡ ਕਰੈਸ਼ਰ ''ਤੇ ਮੀਡੀਆ ਸਣੇ ਛਾਪਾ ਮਾਰ ਕੇ ਨਿਮਿਸ਼ਾ ਮਹਿਤਾ ਨੇ ਗੈਰ-ਕਾਨੂੰਨੀ ਖਣਨ ਦਾ ਕੀਤਾ ਪਰਦਾਫਾਸ਼

07/04/2023 1:15:06 AM

ਗੜ੍ਹਸ਼ੰਕਰ- ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਸਥਾਨਕ ਪੱਤਰਕਾਰਾਂ ਦਾ ਇਕ ਵਫ਼ਦ ਨਾਲ ਲੈ ਕੇ ਕੁਨੈਲ ਪਿੰਡ ਵਿਚ ਚੱਲ ਰਹੇ ਕਰੈਸ਼ਰ 'ਤੇ ਛਾਪਾ ਮਾਰਿਆ, ਜਿੱਥੋਂ ਉਨ੍ਹਾਂ ਪਹਾੜੀ 'ਤੇ ਪੁੱਟੀ ਜਾ ਰਹੀ ਜੇ. ਸੀ. ਬੀ. ਮਸ਼ੀਨ ਫੜੀ ਅਤੇ ਇਥੇ ਮਾਈਨਿੰਗ ਮਾਫ਼ੀਆ ਵੱਲੋਂ ਚੱਲ ਰਹੇ ਗੈਰ ਕਾਨੂੰਨੀ ਖਣਨ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਮੌਕੇ 'ਤੇ ਜੇ. ਸੀ. ਬੀ. ਮਸ਼ੀਨ ਪੀ. ਬੀ. 19 ਐੱਮ. 2378 ਜੋ ਕਰੈਸ਼ਰ ਦੇ ਉਪਰ ਵਾਲੀ ਪਹਾੜੀ 'ਤੇ ਪਟਾਈ ਕਰ ਰਹੀ ਸੀ, ਉਸ ਦੀ ਵੀਡੀਓ ਅਤੇ ਫੋਟੋਗ੍ਰਾਫੀ ਪੱਤਰਕਾਰਾਂ ਨੂੰ ਕਰਵਾਈ ਤਾਂਕਿ ਗੈਰ-ਕਾਨੂੰਨੀ ਢੰਗ ਨਾਲ ਹੋ ਰਹੇ ਮਾਈਨਿੰਗ ਦੇ ਧੰਦੇ ਨੂੰ ਜਨਤਕ ਕੀਤਾ ਜਾ ਸਕੇ। ਇਸ ਦੌਰਾਨ ਮੀਡੀਆ ਟੀਮ ਨੂੰ ਵੇਖ ਕੇ ਜੇ. ਸੀ. ਬੀ. ਚਾਲਕ ਮਸ਼ੀਨ ਛਡ ਕੇ ਤੁਰੰਤ ਭੱਜ ਗਿਆ। ਪਹਾੜੀ ਤੋਂ ਹੇਠਾਂ ਉਤਰ ਜਦੋਂ ਕਰੈਸ਼ਰ ਦੇ ਹੇਠਾਂ ਵਾਲੇ ਪਾਸੇ ਜਾਇਜ਼ਾ ਲੈਣ ਪੁੱਜੇ ਤਾਂ ਕਰੈਸ਼ਰ 'ਤੇ ਕੰਮ ਕਰਨ ਵਾਲਿਆਂ ਨੇ ਕਿਹਾ ਕਿ ਇਸ ਕਾਰੋਬਾਰ ਨੂੰ ਚਲਾਉਣ ਲਈ ਪੱਥਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦਾ ਜਾਂਦਾ ਹੈ ਪਰ ਨੇੜੇ ਹੀ 15 ਤੋਂ 20-20 ਫੁੱਟ ਪੁਟਾਈ ਨਾਲ ਪਏ ਡੂੰਘੇ ਟੋਇਆਾਂ ਵੱਲ ਇਸ਼ਾਰਾ ਕਰਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਮਾਈਨਿੰਗ ਦੇ ਟੋਏ ਹੁਣ ਪੰਜਾਬ ਦੇ ਕੁਨੈਲ ਪਿੰਡ ਵਿਚ ਹੀ ਪੈਣੇ ਸ਼ੁਰੂ ਹੋ ਗਏ ਹਨ, ਜਿਸ 'ਤੇ ਸਾਰੇ ਮੀਡੀਆ ਕਰਮੀਆਂ ਦਾ ਜ਼ੋਰ ਨਾਲ ਹਾਸਾ ਛੁੱਟ ਗਿਆ ਅਤੇ ਕਰੈਸ਼ਰ ਕਮਰਚਾਰੀਆਂ ਦੀ ਸਿੱਟੀ-ਬਿੱਟੀ ਹੁਲ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਖ਼ਾਕੀ ਮੁੜ ਹੋਈ ਦਾਗਦਾਰ, ਕਪੂਰਥਲਾ 'ਚ 3 ਪੁਲਸ ਮੁਲਾਜ਼ਮਾਂ ਤੇ ਸਾਬਕਾ SHO ਖ਼ਿਲਾਫ਼ ਮਾਮਲਾ ਦਰਜ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਧਰੇ ਅੱਧੀ ਅਤੇ ਕਿਧਰੇ ਪੂਰੀ ਪਹਾੜੀ ਇਥੇ ਗਾਇਬ ਕਰ ਦਿੱਤੀ ਗਈ ਹੈ ਅਤੇ ਪੁਟਾਈ ਕਰਦੀਆਂ ਮਸ਼ੀਨਾਂ ਦਾ ਇਹ ਗੋਰਖ਼ਧੰਦਾ ਜਨਤਕ ਤੌਰ 'ਤੇ ਮੀਡੀਆ ਨੂੰ ਵਿਖਾਉਣ ਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਗੈਰ-ਕਾਨੂੰਨੀ ਮਾਫ਼ੀਆ ਨੂੰ ਨਥ ਪਾਉਣ ਦੀਆਂ ਗੱਲਾਂ ਕਰਦੀ ਸੀ, ਅੱਜ ਮਾਈਨਿੰਗ ਮਾਫ਼ੀਆ ਨੂੰ ਕਾਬੂ ਕਰਨ ਦੀ ਜਗ੍ਹਾ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਗੜ੍ਹਸ਼ੰਕਰ ਦੀਆਂ ਪਹਾੜੀਆਂ ਅਤੇ ਜੰਗਲ ਬਰਬਾਦ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ 'ਤੇ 'ਬਣਦਾ ਹੱਕ' ਲੈਣ ਲਈ ਸਰਗਰਮ ਹੋਇਆ ਹਿਮਾਚਲ, CM ਸੁੱਖੂ ਨੇ ਚੁੱਕਿਆ ਇਹ ਕਦਮ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਦਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਜਦੋਂ ਤੱਕ ਸੱਤਾ ਤੋਂ ਬਾਹਰ ਸੀ ਉਦੋਂ ਤੱਕ ਗੜ੍ਹਸ਼ੰਕਰ ਤਾਂ ਕਿ ਨਵਾਂਸ਼ਹਿਰ ਜ਼ਿਲ੍ਹੇ ਵਿਚ ਵੀ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਝੰਡਾ ਚੁੱਕ ਕੇ ਘੁੰਮਦਾ ਸੀ ਪਰ ਅੱਜ ਸੱਤਾ ਵਿਚ ਆ ਕੇ ਗੈਰ-ਕਾਨੂੰਨੀ ਮਾਈਨਿੰਗ ਬਾਰੇ ਉਸ ਨੂੰ ਸੱਪ ਹੀ ਸੁੰਘ ਗਿਆ ਹੈ। ਉਨ੍ਹਾਂ ਕਿਹਾ ਕਿ ਕੁਨੈਲ ਕਰੈਸ਼ਰ 'ਤੇ ਇਸ ਛਾਪੇ ਤੋਂ ਪਹਿਲਾਂ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵਿਚ ਕਿਹਾ ਸੀ ਕਿ ਗੜ੍ਹਸ਼ੰਕਰ ਦੇ ਕਰੈਸ਼ਰਾਂ 'ਤੇ ਕੱਚਾ ਮਾਲ ਯਾਨੀ ਕਿ ਪੱਥਰ ਹਿਮਾਚਲ ਪ੍ਰਦੇਸ਼ ਤੋਂ ਹੀ ਲਿਆਂਦਾ ਜਾਂਦਾ ਹੈ ਅਤੇ ਉਸ ਦੇ ਦਾਅਵੇ 'ਤੇ ਤੰਜ ਕੱਸਦਿਆਂ ਨਿਮਿਸ਼ਾ ਮਹਿਤਾ ਨੇ ਕਰੈਸ਼ਰ 'ਤੇ ਛਾਪੇਮਾਰੀ ਕਰਕੇ ਪੱਥਰ ਤੋੜ ਰਹੀਆਂ ਮਸ਼ੀਨਾਂ ਦਾ ਪਰਦਾਫਾਸ਼ ਕੀਤਾ ਅਤੇ ਡਿਪਟੀ ਸਪੀਕਰ ਦੇ ਇਸ ਦਾਅਵੇ ਦੀ ਫੂਕ ਕੱਢ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਅੰਸਾਰੀ ਮਾਮਲੇ 'ਤੇ CM ਮਾਨ ਦਾ ਇਕ ਹੋਰ ਖ਼ੁਲਾਸਾ, ਕੈਪਟਨ-ਰੰਧਾਵਾ ਨੂੰ ਫ਼ਿਰ ਲਿਆ ਨਿਸ਼ਾਨੇ 'ਤੇ

ਨਿਮਿਸ਼ਾ ਨੇ ਕਿਹਾ ਕਿ ਹਲਕਾ ਵਿਧਾਇਕ ਰੋੜੀ ਦਾ ਮਾਈਨਿੰਗ ਮਾਫ਼ੀਆ ਦੇ ਨਾਲ ਜੇ ਕੋਈ ਨਿੱਜੀ ਲੈਣ-ਦੇਣ ਨਹੀਂ ਤਾਂ ਉਨ੍ਹਾਂ ਨੂੰ ਆਪ ਮੁਹਾਰੇ ਕਰੈਸ਼ਰਾਂ ਦੇ ਸਪਸ਼ਟੀਕਰਨ ਪੇਸ਼ ਕਰਨ ਦੀ ਕੀ ਜ਼ਰੂਰਤ ਹੈ। ਰੋੜੀ ਵੱਲੋਂ ਉਨ੍ਹਾਂ ਦਾ ਵਕੀਲ ਬਣ ਕੇ ਉਨ੍ਹਾਂ ਦਾ ਪੱਖ ਪੂਰਨਾ ਹੀ ਰੋੜੀ ਦੀ ਮਾਈਨਿੰਗ ਮਾਫ਼ੀਆ ਬਾਰੇ ਅਸਲੀਅਤ ਨੂੰ ਬਿਆਨ ਕਰਦਾ ਹੈ। ਜ਼ਿਕਰਯੋਗ ਹੈ ਕਿ ਕੁਨੈਲ ਪਿੰਡ ਦੇ ਲੋਕਾਂ ਨੇ ਨਿਮਿਸ਼ਾ ਮਹਿਤਾ ਨੂੰ ਨਾਜਾਇਜ਼ ਮਾਈਨਿੰਗ ਦੇ ਧੰਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਕਿਉਂਕਿ ਕਰੈਸ਼ਰ ਚੱਲਣ ਨਾਲ ਹੋਣ ਵਾਲੇ ਰੋਲੇ ਅਤੇ ਸ਼ੋਰ ਦੇ ਪ੍ਰਦੂਸ਼ਣ ਨਾਲ ਸਾਰੇ ਪਿੰਡ ਦਾ ਜਿਊਣਾ ਮੁਸ਼ਕਿਲ ਹੋ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra