ਨਵਾਂਸ਼ਹਿਰ: ਲਾਪਤਾ ਹੋਏ 6 ਸਾਲਾਂ ਬੱਚੇ ਦੀ ਮਿਲੀ ਲਾਸ਼

08/31/2019 8:37:53 PM

ਨਵਾਂਸ਼ਹਿਰ,(ਤ੍ਰਿਪਾਠੀ): ਬੰਗਾ ਰੋਡ ’ਤੇ ਸਥਿਤ ਫੋਕਲ ਪੁਆਇੰਟ ’ਤੇ ਰਹਿਣ ਵਾਲੇ 6 ਸਾਲਾਂ ਬੱਚੇ ਦੀ ਅੱਜ ਇਕ ਖਾਲੀ ਪਲਾਟ ’ਚੋਂ ਲਾਸ਼ ਮਿਲੀ, ਜਿਸ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਬਾਅਦ ਦੁਪਹਿਰ ਤੋਂ ਪ੍ਰਵਾਸੀ ਮਜ਼ਦੂਰ ਦਾ ਪੁੱਤਰ ਲਾਪਤਾ ਸੀ, ਜਿਸ ਸਬੰਧ ’ਚ ਪੁਲਸ ਨੂੰ ਵੀ ਸੁਚਿਤ ਕੀਤਾ ਗਿਆ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਦੇ ਪਿਤਾ ਰਾਜੇਸ਼ ਦਾਸ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਜਿਸ ’ਚ ਸਭ ਤੋਂ ਵੱਡੀ ਲੜਕੀ ਹੈ, ਵਿਚਕਾਰ ’ਚ ਦੀਪਕ (6) ਜੋ ਨਜ਼ਦੀਕੀ ਪਿੰਡ ਮਹਾਲੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਦੂਸਰੀ ਕਲਾਸ ’ਚ ਪੜਦਾ ਹੈ ਤੇ ਉਸ ਤੋਂ ਛੋਟਾ ਸਾਢੇ 3 ਸਾਲ ਦਾ ਲੜਕਾ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਦੀਪਕ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 2 ਵਜੇ ਘਰ ’ਚੋਂ ਕਾਪੀ ਲੈਣ ਦੇ ਲਈ ਗਿਆ। ਜਿਸ ਦੇ ਉਪਰੰਤ ਉਹ ਘਰ ਵਾਪਿਸ ਨਹੀਂ ਆਇਆ। ਰਾਜੇਸ਼  ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਦੇਰ ਸ਼ਾਮ ਪੁਲਸ ਨੂੰ ਦੀਪਕ ਦੇ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ।

ਮਿ੍ਰਤਕ ਦੀ ਗਰਦਨ ’ਤੇ ਮਿਲੇ ਸੱਟ ਦੇ ਨਿਸ਼ਾਨ 
ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਐਸ. ਪੀ. ਅਲਕਾ ਮੀਨਾ, ਐਸ. ਪੀ. (ਐਚ) ਅਤੇ ਐਸ. ਪੀ. (ਜਾਂਚ) ਤੋਂ ਇਲਾਵਾ ਭਾਰੀ ਸੰਖਿਆ ਵਿੱਚ ਪੁਲਸ ਅਫ਼ਸਰਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਐਸ. ਪੀ. ਵਜੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਰਚ ਦੇ ਦੌਰਾਨ ਇੱਕ ਖਾਲੀ ਪਲਾਟ ਤੋਂ ਬੱਚੇ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਹਨ, ਜਿਸ ਨਾਲ ਮਾਮਲਾ ਹੱਤਿਆ ਦਾ ਲਗਦਾ ਹੈ।


Related News