ਵੱਡੀ ਖ਼ਬਰ : ਪੰਜਾਬ 'ਚ ਹੁਣ ਇਸ ਖ਼ਤਰਨਾਕ ਵਾਇਰਸ ਦੀ Entry, ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ

Thursday, Jun 01, 2023 - 12:24 PM (IST)

ਵੱਡੀ ਖ਼ਬਰ : ਪੰਜਾਬ 'ਚ ਹੁਣ ਇਸ ਖ਼ਤਰਨਾਕ ਵਾਇਰਸ ਦੀ Entry, ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ

ਚੰਡੀਗੜ੍ਹ (ਅਸ਼ਵਨੀ ਕੁਮਾਰ) : ਲੰਪੀ ਸਕਿਨ ਤੋਂ ਬਾਅਦ ਹੁਣ ਪੰਜਾਬ ’ਚ ਗਲੈਂਡਰਜ਼ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਘੋੜਿਆਂ ਨੂੰ ਬੀਮਾਰ ਕਰਨ ਵਾਲੇ ਇਸ ਵਾਇਰਸ ਨੇ ਕੁੱਝ ਦਿਨਾਂ ਦੇ ਅੰਦਰ ਹੀ ਬਠਿੰਡੇ ਤੋਂ ਬਾਅਦ ਹੁਣ ਲੁਧਿਆਣਾ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ। ਬੇਹੱਦ ਤੇਜ਼ੀ ਨਾਲ ਫੈਲਣ ਵਾਲੇ ਇਸ ਖ਼ਤਰਨਾਕ ਵਾਇਰਸ ਦੀ ਦਸਤਕ ਨੂੰ ਵੇਖਦੇ ਹੋਏ ਪਸ਼ੂ-ਪਾਲਣ ਵਿਭਾਗ ਨੇ ਬਠਿੰਡਾ ਅਤੇ ਲੁਧਿਆਣਾ ’ਚ ਵਾਇਰਸ ਵਾਲੀ ਜਗ੍ਹਾ ਦੇ 5 ਕਿਲੋਮੀਟਰ ਦਾਇਰੇ ਨੂੰ ਇਨਫੈਕਟਿਡ ਖੇਤਰ ਐਲਾਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਕੜੀ ’ਚ 25 ਕਿਲੋਮੀਟਰ ਦਾਇਰੇ ਨੂੰ ਸਕ੍ਰੀਨਿੰਗ ਜ਼ੋਨ ਐਲਾਨ ਕਰਦੇ ਹੋਏ 25 ਕਿਲੋਮੀਟਰ ਦੇ ਬਾਹਰ ਦਾਇਰੇ ’ਚ ਫਿਜ਼ੀਕਲ/ਸੀਰੋ ਸਰਵਿਲਾਂਸ ਸ਼ੁਰੂ ਕਰ ਦਿੱਤਾ ਹੈ। ਗਲੈਂਡਰਜ਼ ਬੀਮਾਰੀ ਅਜਿਹੀ ਹੈ, ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਘੋੜਿਆਂ ਅਤੇ ਖੱਚਰਾਂ ਤੋਂ ਸਿੱਧੇ ਇਹ ਬੀਮਾਰੀ ਮਨੁੱਖਾਂ ’ਚ ਹੋ ਜਾਂਦੀ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਬੇਸ਼ੱਕ ਫਰਵਰੀ 2023 ’ਚ ਗਲੈਂਡਰਜ਼ ਦਾ ਪਹਿਲਾ ਮਾਮਲਾ ਹੁਸ਼ਿਆਰਪੁਰ ਦੇ ਬੀ. ਐੱਸ. ਐੱਫ. ਕੈਂਪ ’ਚ ਆਇਆ ਸੀ ਪਰ ਮਈ ਮਹੀਨੇ ਦੌਰਾਨ ਕੁੱਝ ਦਿਨਾਂ ਦੇ ਅੰਦਰ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਇਸ ਲਈ ਸਾਵਧਾਨੀ ਵਰਤਦੇ ਹੋਏ ਅਲਰਟ ਜਾਰੀ ਕੀਤੇ ਗਏ ਹਨ। ਗਲੈਂਡਰਜ਼ ਬੇਹੱਦ ਖ਼ਤਰਨਾਕ ਬੀਮਾਰੀ ਹੈ, ਜਿਸ ਦੇ ਵਾਇਰਸ ਦੀ ਪੁਸ਼ਟੀ ਹੋਣ ’ਤੇ ਇਨਫੈਕਟਿਡ ਘੋੜੇ ਨੂੰ ਟੀਕੇ ਦੇ ਕੇ ਮਾਰਨ ਤੋਂ ਇਲਾਵਾ ਕੋਈ ਵਿਕਲਪ ਬਾਕੀ ਨਹੀਂ ਬਚਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਹ ਵਾਇਰਸ ਹੋਰ ਪਸ਼ੂਆਂ ਨੂੰ ਇਨਫੈਕਟਿਡ ਨਾ ਕਰੇ। ਇਹ ਬੀਮਾਰੀ ਇਸ ਲਈ ਵੀ ਬੇਹੱਦ ਖ਼ਤਰਨਾਕ ਹੈ ਕਿਉਂਕਿ ਇਹ ਪਸ਼ੂਆਂ ਦੇ ਜ਼ਰੀਏ ਮਨੁੱਖਾਂ ’ਚ ਫੈਲ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਖਰੜ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਅੱਧੀ ਰਾਤ ਨੂੰ ਚੱਲੀਆਂ ਗੋਲੀਆਂ
ਕੁੱਲੂ ’ਚ ਘੋੜਿਆਂ ਨੂੰ ਟੀਕੇ ਦੇ ਕੇ ਮਾਰਿਆ ਗਿਆ
ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ’ਚ ਵੀ ਗਲੈਂਡਰਜ਼ ਦਾ ਕਹਿਰ ਵੱਧ ਰਿਹਾ ਹੈ। ਹਾਲ ਹੀ ’ਚ ਕੁੱਲੂ ਦੇ ਪੀਜ ’ਚ ਗਲੈਂਡਰਜ਼ ਕਾਰਨ 3 ਘੋੜਿਆਂ ਦੀ ਮੌਤ ਤੋਂ ਬਾਅਦ ਵਾਇਰਸ ਦੀ ਪੁਸ਼ਟੀ ਹੋਣ ’ਤੇ 2 ਘੋੜਿਆਂ ਨੂੰ ਟੀਕਾ ਦੇ ਕੇ ਮਾਰਿਆ ਗਿਆ ਹੈ। ਇਸ ਕੜੀ ਵਿਚ ਰਾਜਸਥਾਨ ਦੇ ਜੈਪੁਰ, ਝੁੰਝਨੁ, ਅਲਵਰ ਅਤੇ ਬੀਕਾਨੇਰ ’ਚ ਘੋੜਿਆਂ ਦੇ ਵਾਇਰਸ ਨੇ ਦਸਤਕ ਦਿੱਤੀ ਹੈ। ਉੱਥੇ ਹੀ, ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਵੀ ਇਸ ਵਾਇਰਸ ਕਾਰਨ ਘੋੜੇ ਇਨਫੈਕਟਿਡ ਹੋਏ ਹਨ, ਜਿਸ ਤੋਂ ਬਾਅਦ ਪਸ਼ੂ-ਪਾਲਣ ਵਿਭਾਗ ਨੇ ਕਮੇਟੀਆਂ ਗਠਿਤ ਕਰ ਕੇ ਇਲਾਕੇ ’ਚ ਘੋੜਾ ਪਾਲਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਹੈ।       

ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਬਦਲੀਆਂ ਤੇ ਤਾਇਨਾਤੀਆਂ ਬਾਰੇ ਲਿਆ ਗਿਆ ਇਹ ਫ਼ੈਸਲਾ
ਘੋੜਿਆਂ ਦੇ ਫੇਫੜਿਆਂ ’ਤੇ ਸਿੱਧਾ ਹਮਲਾ
ਬਰਖੋਲਡੇਰਿਆ ਮੈਲਿਆਈ ਨਾਮਕ ਜੀਵਾਣੂ ਤੋਂ ਪੈਦਾ ਇਹ ਬੀਮਾਰੀ ਆਮ ਤੌਰ ’ਤੇ ਘੋੜਿਆਂ ਦੇ ਫੇਫੜਿਆਂ ’ਤੇ ਸਿੱਧਾ ਹਮਲਾ ਕਰਦੀ ਹੈ। ਘੋੜੇ ਨੂੰ ਤੇਜ਼ ਬੁਖ਼ਾਰ ਹੋ ਜਾਂਦਾ ਹੈ। ਨੱਕ ਵਿਚੋਂ ਪਾਣੀ ਨਿਕਲਣ ਲੱਗਦਾ ਹੈ ਅਤੇ ਨੱਕ ਅੰਦਰ ਛਾਲੇ ਜਾਂ ਜ਼ਖਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗ੍ਰੰਥੀਆਂ ’ਚ ਸੋਜ਼ ਆ ਜਾਂਦੀ ਹੈ ਅਤੇ ਪੂੰਛ, ਗਲੇ ਜਾਂ ਢਿੱਡ ਦੇ ਹੇਠਲੇ ਹਿੱਸੇ ’ਚ ਗੱਠ ਪੈ ਜਾਂਦੀ ਹੈ। ਅਜਿਹੇ ਪਸ਼ੂਆਂ ਦੇ ਨਾਲ ਰਹਿਣ ਵਾਲੇ ਪਸ਼ੂਆਂ ’ਤੇ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਪਸ਼ੂ-ਪਾਲਣ ਵਿਭਾਗ ਵਲੋਂ ਇੱਥੋਂ ਤੱਕ ਹਦਾਇਤ ਦਿੱਤੀ ਜਾਂਦੀ ਹੈ ਕਿ ਇਨਫੈਕਟਿਡ ਪਸ਼ੂਆਂ ਦੀ ਬੀਮਾਰੀ ਵਾਲੇ ਖੇਤਰ ਵਿਚ ਲੋਕ ਵੀ ਨਾ ਜਾਣ। ਵਾਇਰਸ ਦੇ ਬੇਹੱਦ ਘਾਤਕ ਹੋਣ ਕਾਰਨ ਹੀ ਪਸ਼ੂ ਦੀ ਮੌਤ ਤੋਂ ਉਪਰੰਤ 6 ਫੁੱਟ ਡੂੰਘਾ ਟੋਇਆ ਪੁੱਟ ਕੇ ਪਸ਼ੂ ਨੂੰ ਚੂਨੇ ਅਤੇ ਲੂਣ ਪਾ ਕੇ ਦਬਾਇਆ ਜਾਂਦਾ ਹੈ।
16 ਦਿਨਾਂ ’ਚ ਦੂਜਾ ਮਾਮਲਾ
ਫਰਵਰੀ ’ਚ ਹੁਸ਼ਿਆਰਪੁਰ ਤੋਂ ਬਾਅਦ 12 ਮਈ ਨੂੰ ਬਠਿੰਡੇ ਦੇ ਲਹਿਰਾ ਮੁਹੱਬਤ ’ਚ ਗਲੈਂਡਰਜ਼ ਵਾਇਰਸ ਦੀ ਪੁਸ਼ਟੀ ਹੋਈ ਸੀ, ਜਿਸ ਤੋਂ 16 ਦਿਨ ਬਾਅਦ 29 ਮਈ ਨੂੰ ਹੁਣ ਲੁਧਿਆਣਾ ਦੇ ਭਾਮੀਆ ਕਲਾਂ ’ਚ ਵਾਇਰਸ ਨੇ ਦਸਤਕ ਦਿੱਤੀ ਹੈ। ਪੰਜਾਬ ਸਰਕਾਰ ਨੇ ਨਿਯਮਾਂ ਮੁਤਾਬਕ ਇਨ੍ਹਾਂ ਮਾਮਲਿਆਂ ਦੀ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤੀ ਹੈ ਪਰ ਕੁੱਝ ਦਿਨਾਂ ’ਚ ਲਗਾਤਾਰ ਦੂਜੇ ਮਾਮਲੇ ਨੇ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ’ਤੇ ਦਿ ਪ੍ਰਿਵੇਂਸ਼ਨ ਐਂਡ ਕੰਟਰੋਲ ਆਫ ਇੰਫੈਕਸ਼ੀਅਸ ਐਂਡ ਕੰਟੇਜੀਅਸ ਡਿਜੀਜ਼ ਇਨ ਐਨੀਮਲ ਐਕਟ, 2009 ਤਹਿਤ ਏਪੀਸੈਂਟਰ ਐਲਾਨ ਕਰਦੇ ਹੋਏ 5 ਕਿਲੋਮੀਟਰ ਦਾਇਰੇ ਨੂੰ ਇਨਫੈਕਟਿਡ ਖੇਤਰ ਐਲਾਨ ਕਰ ਦਿੱਤਾ ਗਿਆ ਹੈ। ਨਾਲ ਹੀ ਇਸ ਬੀਮਾਰੀ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਜਾਰੀ ਐਕਸ਼ਨ ਪਲਾਨ ਤਹਿਤ ਰੋਕਥਾਮ ਦੇ ਕਦਮ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪਾਰਾ ਡਿੱਗਿਆ ਧੜਾਮ, ਅੱਜ ਵੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
ਪੰਜਾਬ ’ਚ 100 ਤੋਂ ਜ਼ਿਆਦਾ ਵੱਡੇ ਹਾਰਸ ਫ਼ਾਰਮ
ਪੰਜਾਬ ਦੇ ਲਿਹਾਜ਼ ਨਾਲ ਵਾਇਰਸ ਦੀ ਦਸਤਕ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਸੂਬੇ ’ਚ 100 ਤੋਂ ਜ਼ਿਆਦਾ ਵੱਡੇ ਹਾਰਸ ਫ਼ਾਰਮ ਮਤਲਬ ਘੋੜਿਆਂ ਦੇ ਤਬੇਲੇ ਹਨ। 20 ਤੋਂ 50 ਘੋੜੇ ਵਾਲੇ ਇਨ੍ਹਾਂ ਤਬੇਲਿਆਂ ’ਚ ਜ਼ਿਆਦਾਤਰ ਤਬੇਲੇ ਘੋੜਿਆਂ ਦੀ ਬ੍ਰੀਡਿੰਗ ਅਤੇ ਇਨ੍ਹਾਂ ਨੂੰ ਵੇਚਣ ਖ਼ਰੀਦਣ ਦਾ ਕੰਮ ਕਰਦੇ ਹਨ। ਇਹ ਕਾਰੋਬਾਰ ਪੰਜਾਬ ਦੀ ਮਾਲੀ ਹਾਲਤ ’ਚ ਅਹਿਮ ਯੋਗਦਾਨ ਪਾਉਂਦਾ ਹੈ। ਪੰਜਾਬ ਦੇ ਵੱਡੇ ਹਾਰਸ ਬ੍ਰੀਡਰ ਸੁਮਰਿੰਦਰ ਸਿੰਘ ਮੁਤਾਬਕ ਗਲੈਂਡਰਜ਼ ਦੀ ਦਸਤਕ ਪੰਜਾਬ ਲਈ ਚਿੰਤਾ ਦੀ ਗੱਲ ਹੈ। ਪੰਜਾਬ ਸਰਕਾਰ ਨੂੰ ਇਸ ਲਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਅਜਿਹਾ ਇਸ ਲਈ ਵੀ ਹੈ ਕਿ ਗਲੈਂਡਰਜ਼ ਸਿੱਧੇ ਤੌਰ ’ਤੇ ਘੋੜਾ ਪਾਲਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬੀਮਾਰੀ ਦੇ ਮੁੱਢਲੇ ਪੱਧਰ ’ਤੇ ਹੀ ਇਲਾਜ ਨੂੰ ਲੈ ਕੇ ਕੋਈ ਪਹਿਲ ਹੋਵੇ। ਨਾਲ ਹੀ ਉਨ੍ਹਾਂ ਘੋੜਾ ਪਾਲਕਾਂ ਨੂੰ ਵੀ ਆਰਥਿਕ ਮੱਦਦ ਦੇਣ ਦੀ ਪਹਿਲ ਹੋਣੀ ਚਾਹੀਦੀ ਹੈ, ਜੋ ਇਸ ਵਾਇਰਸ ਕਾਰਨ ਪ੍ਰਭਾਵਿਤ ਹੁੰਦੇ ਹਨ ਅਤੇ ਜਿਨ੍ਹਾਂ ਦੇ ਘੋੜਿਆਂ ਦੀ ਮੌਤ ਹੁੰਦੀ ਹੈ। ਸੁਮਰਿੰਦਰ ਸਿੰਘ ਮੁਤਾਬਕ ਪੰਜਾਬ ’ਚ ਜ਼ਿਆਦਾਤਰ ਦੇਸੀ ਨਸਲ ਦੇ ਘੋੜਿਆਂ ਦਾ ਕਾਰੋਬਾਰ ਹੁੰਦਾ ਹੈ। ਇੱਥੇ ਰੇਸਕੋਰਸ ’ਚ ਦੌੜਨ ਵਾਲੇ ਘੋੜਿਆਂ ਦੀ ਕੇਵਲ ਬ੍ਰੀਡਿੰਗ ਹੁੰਦੀ ਹੈ ਪਰ ਦੇਸੀ ਨਸਲ ਦੇ ਘੋੜੇ ਤਾਂ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ’ਚ ਪਾਏ ਜਾਂਦੇ ਹਨ। ਕੋਵਿਡ ਤੋਂ ਬਾਅਦ ਜਿਸ ਤਰ੍ਹਾਂ ਨਾਲ ਫ਼ਾਰਮ ਹਾਊਸ ’ਚ ਰਹਿਣ ਦਾ ਕਲਚਰ ਵਧਿਆ ਹੈ, ਲੋਕਾਂ ’ਚ ਘੋੜੇ ਰੱਖਣ ਦਾ ਸ਼ੌਕ ਵੀ ਵਧਿਆ ਹੈ, ਜਿਸ ਨਾਲ ਘੋੜਿਆਂ ਦੀ ਬ੍ਰੀਡਿੰਗ ਦੇ ਕਾਰੋਬਾਰ ’ਚ ਵਾਧਾ ਹੋਇਆ ਹੈ। ਪੰਜਾਬ ’ਚ ਇਹ ਤੇਜ਼ੀ ਨਾਲ ਫੈਲਦਾ ਰਿਹਾ ਕਾਰੋਬਾਰ ਹੈ, ਜਿਸ ਨੂੰ ਸਹੇਜਣ ਲਈ ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ। ਡਾਕਟਰ ਰਾਮਪਾਲ ਮਿੱਤਲ, ਡਾਇਰੈਕਟਰ, ਪਸ਼ੂ-ਪਾਲਣ ਵਿਭਾਗ, ਪੰਜਾਬ ਮੁਤਾਬਕ  ਗਲੈਂਡਰਜ਼ ਦੀ ਦਸਤਕ ਨੂੰ ਵੇਖਦੇ ਹੋਏ ਘੋੜਾ ਪਾਲਕਾਂ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਨਫੈਕਸ਼ਨ ਦੇ ਲੱਛਣ ਆਉਣ ’ਤੇ ਤੁਰੰਤ ਪਸ਼ੂ-ਪਾਲਣ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਹ ਕਾਫ਼ੀ ਖ਼ਤਰਨਾਕ ਵਾਇਰਸ ਹੈ, ਇਸ ਲਈ ਜਿੱਥੇ-ਜਿੱਥੇ ਵਾਇਰਸ ਦੀ ਪੁਸ਼ਟੀ ਹੋਈ ਹੈ, ਉਸ ਨੂੰ ਏਪੀਸੈਂਟਰ ਐਲਾਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਬੀਮਾਰੀ ਦੀ ਰੋਕਥਾਮ ਜਨਤਕ ਭਾਈਵਾਲੀ ਨਾਲ ਕੀਤੀ ਜਾ ਸਕਦੀ ਹੈ। ਕੋਵਿਡ ਵਾਂਗ ਸਖਤ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News