ਪੰਜਾਬ ''ਚ ਕਾਂਗਰਸ ਪ੍ਰਧਾਨਗੀ ''ਤੇ ਫਿਰ ਦਾਅਵਾ ਠੋਕ ਰਹੇ ''ਨਵਜੋਤ ਸਿੱਧੂ'', ਖੇਮੇ ਨੂੰ ਇੱਕਜੁਟ ਕਰਨ ''ਚ ਲੱਗੇ
Thursday, Apr 07, 2022 - 10:39 AM (IST)
ਚੰਡੀਗੜ੍ਹ (ਹਰੀਸ਼) : ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹਾਈਕਮਾਨ ਵੱਲੋਂ ਅਸਤੀਫ਼ਾ ਮੰਗੇ ਜਾਣ ’ਤੇ ਨਵਜੋਤ ਸਿੱਧੂ ਨੇ ਅਸਤੀਫ਼ਾ ਭਾਵੇਂ ਹੀ ਦੇ ਦਿੱਤਾ ਸੀ ਪਰ ਪ੍ਰਧਾਨਗੀ ਲਈ ਉਨ੍ਹਾਂ ਦੇ ਜੋਸ਼ ਵਿਚ ਕੋਈ ਕਮੀ ਨਹੀਂ ਆਈ ਹੈ। ਬੀਤੇ ਮਹੀਨੇ 15 ਤਾਰੀਖ਼ ਨੂੰ ਸੋਨੀਆ ਗਾਂਧੀ ਨੇ ਸਿੱਧੂ ਤੋਂ ਅਸਤੀਫ਼ਾ ਮੰਗਿਆ ਸੀ ਅਤੇ ਉਸ ਤੋਂ ਬਾਅਦ ਕਰੀਬ 3 ਹਫ਼ਤਿਆਂ ਤੋਂ ਪੰਜਾਬ ਵਿਚ ਕਾਂਗਰਸ ਬਿਨਾਂ ਪ੍ਰਧਾਨ ਦੇ ਹੀ ਚੱਲ ਰਹੀ ਹੈ। ਕੁੱਝ ਦਿਨ ਦੀ ਚੁੱਪੀ ਤੋਂ ਬਾਅਦ ਸਿੱਧੂ ਅਚਾਨਕ ਸਿਆਸਤ ਵਿਚ ਸਰਗਰਮ ਹੋਣ ਲੱਗੇ ਹਨ। ਜੋਸ਼ ਦਾ ਆਲਮ ਇਹ ਹੈ ਕਿ ਕਦੇ ਉਹ ਕਿਤੇ ਕਤਲਕਾਂਡ ਵਿਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਮਿਲਦੇ ਹਨ, ਕਦੇ ਚੰਡੀਗੜ੍ਹ ਅਤੇ ਐੱਸ. ਵਾਈ. ਐੱਲ. ਵਰਗਾ ਮੁੱਦਾ ਚੁੱਕਦੇ ਹਨ ਤਾਂ ਕਦੇ ਬਰਗਾੜੀ ਤੱਕ ਪਹੁੰਚ ਜਾਂਦੇ ਹਨ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਖੇਮੇ ਨੂੰ ਫਿਰ ਤੋਂ ਇੱਕਜੁਟ ਕਰ ਕੇ ਉਨ੍ਹਾਂ ਦੇ ਬਲਬੂਤੇ ਪ੍ਰਧਾਨ ਅਹੁਦੇ ’ਤੇ ਦਾਅਵਾ ਠੋਕਣ ਲਈ ਅੰਮ੍ਰਿਤਸਰ ਅਤੇ ਪਟਿਆਲੇ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਚ ਪਾਰਟੀ ਆਗੂਆਂ ਦੇ ਨਾਲ ਮੁਲਾਕਾਤ ਵੀ ਕੀਤੀ। ਖ਼ਾਸ ਗੱਲ ਇਹ ਹੈ ਕਿ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਚੋਣ ਪ੍ਰਚਾਰ ਦੇ ਸਿਖ਼ਰ ’ਤੇ ਰਹਿੰਦੇ ਹੋਏ ਐਲਾਨ ਕੀਤਾ ਸੀ ਕਿ ਜੇਕਰ ਸਿੱਧੂ ਹਾਰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਚੋਣਾਂ ਵਿਚ ਤਾਂ ਉਹ ਅੰਮ੍ਰਿਤਸਰ ਪੂਰਬੀ ਦੀ ਆਪਣੀ ਸੀਟ ਹਾਰੇ ਹੀ, ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਪ੍ਰਧਾਨਗੀ ਵੀ ਇਕ ਝਟਕੇ ਵਿਚ ਖੋਹ ਲਈ ਸੀ ਪਰ ਚੋਣ ਹਾਰਨ ਅਤੇ ਪ੍ਰਧਾਨਗੀ ਖੋਹੇ ਜਾਣ ਤੋਂ ਬਾਅਦ ਸਿਆਸੀ ਤੌਰ ’ਤੇ ਬੇਰੁਜ਼ਗਾਰ ਹੋਏ ਸਿੱਧੂ ਸਿਆਸਤ ਛੱਡਣ ਦੇ ਮੂਡ ਵਿਚ ਨਹੀਂ ਦਿਸਦੇ।
ਇਹ ਵੀ ਪੜ੍ਹੋ : SYL ਸਮੇਤ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਇਕਮੁੱਠ ਹੋਈਆਂ ਹਰਿਆਣਾ ਦੀਆਂ ਸਿਆਸੀ ਪਾਰਟੀਆਂ
ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਹਾਈਕਮਾਨ ਨੇ ਲੈ ਲਿਆ ਸੀ ਅਸਤੀਫ਼ਾ
ਇਹ ਪਰੰਪਰਾ ਰਹੀ ਹੈ ਕਿ ਚੁਣਾਵੀ ਹਾਰ ਤੋਂ ਬਾਅਦ ਸੂਬੇ ਦੀ ਪਾਰਟੀ ਲੀਡਰਸ਼ਿਪ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰਦੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ 13 ਵਿਚੋਂ 8 ਸੀਟਾਂ ਜਿੱਤ ਕੇ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਸੁਨੀਲ ਜਾਖੜ ਗੁਰਦਾਸਪੁਰ ਤੋਂ ਸੰਨੀ ਦਿਓਲ ਦੇ ਮੁਕਾਬਲੇ ਹਾਰ ਗਏ ਸਨ। ਜਾਖੜ ਨੇ ਉਸ ਸਮੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਹਾਈਕਮਾਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਕੇ ਬਤੌਰ ਪ੍ਰਧਾਨ ਕੰਮ ਕਰਦੇ ਰਹਿਣ ਲਈ ਕਿਹਾ ਸੀ ਪਰ ਨਵਜੋਤ ਸਿੱਧੂ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ। 10 ਮਾਰਚ ਨੂੰ ਚੋਣ ਨਤੀਜਾ ਆਉਣ ਤੋਂ ਬਾਅਦ ਵੀ ਜਦੋਂ ਪਾਰਟੀ ਦੀ ਦੁਰਗਤੀ ਦੀ ਜ਼ਿੰਮੇਵਾਰੀ ਸਵੀਕਾਰ ਕਰ ਕੇ ਸਿੱਧੂ ਨੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ, ਤਦ 5 ਦਿਨ ਬਾਅਦ ਹਾਈਕਮਾਨ ਨੂੰ ਉਨ੍ਹਾਂ ਤੋਂ ਅਸਤੀਫ਼ਾ ਮੰਗਣਾ ਪਿਆ ਸੀ। ਸੋਨੀਆ ਗਾਂਧੀ ਨੂੰ ਭੇਜੇ ਉਸ ਇੱਕ ਲਾਈਨ ਦੇ ਅਸਤੀਫ਼ੇ ਵਿਚ ਵੀ ਚੁਣਾਵੀ ਹਾਰ ਦਾ ਕੋਈ ਜ਼ਿਕਰ ਨਹੀਂ ਸੀ, ਸਗੋਂ ਸਪਾਟ ਲਿਖਿਆ ਸੀ ਕਿ ਉਹ ਪੀ. ਪੀ. ਸੀ. ਸੀ. ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਨੌਜਵਾਨਾਂ ਦੀ ਸ਼ਰਮਨਾਕ ਵਾਰਦਾਤ, ਹੋਟਲ 'ਚ ਲਿਜਾ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਹੁਣ ਰਾਹ ਇੰਨਾ ਸੌਖਾ ਵੀ ਨਹੀਂ
ਪ੍ਰਧਾਨਗੀ ਲਈ ਕਰੀਬ ਰੋਜ਼ਾਨਾ ਹੀ ਸਰਗਰਮੀ ਅਤੇ ਸ਼ਕਤੀ-ਪ੍ਰਦਰਸ਼ਨ ਦੇ ਜ਼ਰੀਏ ਨਵਜੋਤ ਸਿੱਧੂ ਚਾਹੇ ਤਕੜਾ ਦਾਅਵਾ ਠੋਕਣ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਉਨ੍ਹਾਂ ਦਾ ਰਾਹ ਹੁਣ ਇੰਨਾ ਵੀ ਸੌਖਾ ਨਹੀਂ ਹੈ। ਰਾਹੁਲ-ਪ੍ਰਿਯੰਕਾ ਨਾਲ ਨਜ਼ਦੀਕੀ ਦੇ ਚੱਲਦੇ ਸਿੱਧੂ ਕਰੀਬ 8 ਮਹੀਨੇ ਪਹਿਲਾਂ ਪੰਜਾਬ ਵਿਚ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਵਿਚ ਕਾਮਯਾਬ ਰਹੇ ਸਨ ਪਰ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਪਾਰਟੀ ਦੇ ਹੀ ਕਈ ਨੇਤਾ ਇਸ ਮੌਕੇ ’ਤੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪਣ ਵਿਚ ਅੜਚਨ ਪਾਉਣ ਤੋਂ ਨਹੀਂ ਹਟਣਗੇ। ਸਾਬਕਾ ਪ੍ਰਧਾਨ ਅਤੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਤਾਂ ਕਹਿ ਹੀ ਚੁੱਕੇ ਹਨ ਕਿ ਕਰਨਲ ਨੂੰ ਅਚਾਨਕ ਜਨਰਲ ਨਹੀਂ ਬਣਾਇਆ ਜਾ ਸਕਦਾ। ਹੁਣ ਹਾਈਕਮਾਨ ਸੀਨੀਅਰਤਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਧਿਆਨ ਰੱਖ ਕੇ ਹੀ ਕੋਈ ਫ਼ੈਸਲਾ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ