ਨਵਜੋਤ ਸਿੱਧੂ ਤੇ ਬਿਲਡਿੰਗ ਵਿਭਾਗ ਨੂੰ ਰਾਜਾ ਗਾਰਡਨ ਵੱਲੋਂ ਮਿਲਿਆ ਚੈਲੇਂਜ
Monday, Jun 11, 2018 - 09:54 AM (IST)
ਜਲੰਧਰ (ਖੁਰਾਣਾ) - ਦੋ ਦਿਨ ਪਹਿਲਾਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮਾਂ ਦੀ ਰੀਵਿਊ ਬੈਠਕ ਦੌਰਾਨ ਚੰਡੀਗੜ੍ਹ 'ਚ ਪਹੁੰਚੇ ਜਲੰਧਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਤੇ ਮੇਅਰ ਜਗਦੀਸ਼ ਰਾਜਾ ਰਾਹੀਂ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਹੁਣ ਨਾਜਾਇਜ਼ ਨਿਰਮਾਣ ਜਾਰੀ ਰਹੇ ਤਾਂ ਅਧਿਕਾਰੀਆਂ ਦੀ ਖੈਰ ਨਹੀਂ। ਮੰਤਰੀ ਸਿੱਧੂ ਦੇ ਬਿਆਨਾਂ ਦੀ ਹਾਲੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਜਲੰਧਰ ਦੀ ਰਾਜਾ ਗਾਰਡਨ ਕਾਲੋਨੀ ਤੋਂ ਮੰਤਰੀ ਨਵਜੋਤ ਸਿੱਧੂ ਦੇ ਨਾਲ-ਨਾਲ ਨਿਗਮ ਕਮਿਸ਼ਨਰ ਤੇ ਬਿਲਡਿੰਗ ਵਿਭਾਗ ਨੂੰ ਇਕ ਚੈਲੇਂਜ ਮਿਲ ਗਿਆ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਰੋਡ 'ਤੇ ਦਰੋਣਾ ਗਾਰਡਨ ਦੇ ਸਾਹਮਣੇ ਸਥਿਤ ਰਾਜਾ ਗਾਰਡਨ ਦੇ ਨਵੇਂ ਗੁਰਦੁਆਰਾ ਦੇ ਪਿੱਛੇ ਖਾਲੀ ਜਗ੍ਹਾ 'ਚ ਨਾਜਾਇਜ਼ ਕਾਲੋਨੀਆਂ ਕੱਟਣੀਆਂ ਸ਼ੁਰੂ ਹੋ ਗਈਆਂ ਹਨ। ਜਿਥੇ ਪਲਾਟਿੰਗ ਕਰ ਕੇ ਦੋ-ਦੋ ਮਰਲੇ 'ਚ ਕੋਠੀਆਂ ਬਣਨ ਦਾ ਕੰਮ ਪ੍ਰਾਪਰਟੀ ਡੀਲਰਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜਾ ਗਾਰਡਨ ਦੀ ਵੈੱਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਨੇ ਇਸ ਨਾਜਾਇਜ਼ ਕਾਲੋਨੀ ਦੀ ਸ਼ਿਕਾਇਤ ਲੋਕਲ ਬਾਡੀ ਸੈਕਟਰੀ ਤੇ ਨਿਗਮ ਕਮਿਸ਼ਨਰ ਨੂੰ 29 ਮਈ ਨੂੰ ਭੇਜੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਫਿਰ ਵੀ ਕਾਲੋਨੀ 'ਚ ਨਾਜਾਇਜ਼ ਨਿਰਮਾਣ ਜਾਰੀ ਹਨ।
ਇਸ ਦੌਰਾਨ ਸੋਸਾਇਟੀ ਦੇ ਅਹੁਦੇਦਾਰਾਂ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਨਾਜਾਇਜ਼ ਕਾਲੋਨੀ 'ਚ ਪਾਣੀ ਤੇ ਸੀਵਰ ਦੇ ਕੁਨੈਕਸ਼ਨ ਨਾਜਾਇਜ਼ ਤੌਰ 'ਤੇ ਲਏ ਜਾ ਰਹੇ ਹਨ, ਜਿਸ ਕਾਰਨ ਭਵਿੱਖ 'ਚ ਸਮੱਸਿਆ ਆਵੇਗੀ। ਦੋ-ਦੋ ਮਰਲੇ ਦੇ ਮਕਾਨ ਬਣਾਉਣ ਨਾਲ ਪੂਰਾ ਏਰੀਆ ਸਲੱਮ 'ਚ ਤਬਦੀਲ ਹੋ ਜਾਵੇਗਾ। ਪਤਾ ਲੱਗਾ ਹੈ ਕਿ ਇਸ ਨਾਜਾਇਜ਼ ਕਾਲੋਨੀ ਨੂੰ ਕੱਟਣ ਦਾ ਕੰਮ ਗੁਜਰਾਲ ਨਗਰ ਦੇ ਇਕ ਕਾਰ ਬਾਜ਼ਾਰ ਡੀਲਰ ਨੇ ਹੋਰ ਪਾਰਟਨਰਾਂ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਹੈ, ਜਿਸ ਵਿਚ ਕਾਂਗਰਸੀਆਂ ਦੇ ਨਾਲ-ਨਾਲ ਅਕਾਲੀ ਆਗੂਆਂ ਦੀ ਹਿੱਸੇਦਾਰੀ ਹੈ, ਜਿਸ ਕਾਰਨ ਨਿਗਮ ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਵਿਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੀ ਚਿਤਾਵਨੀ ਦਾ ਕੋਈ ਅਸਰ ਹੁੰਦਾ ਹੈ ਜਾਂ ਸ਼ਹਿਰ ਦੇ ਕਾਂਗਰਸੀ ਤੇ ਅਕਾਲੀ ਹਾਵੀ ਰਹਿੰਦੇ ਹਨ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਨਿਗਮ ਟੀਮ ਇਸ ਨਾਜਾਇਜ਼ ਕਾਲੋਨੀ ਵਿਚ ਗਈ ਸੀ ਪਰ ਬਿਨਾਂ ਕਾਰਵਾਈ ਕੀਤੇ ਵਾਪਸ ਪਰਤ ਆਈ।
