NGT ਦੀ ਚਿਤਾਵਨੀ, ਮਿੱਥੇ ਸਮੇਂ 'ਚ ਹੋਵੇ ਕੂੜੇ ਦਾ ਨਿਬੇੜਾ, ਨਹੀਂ ਤਾਂ ਹੋਵੇਗਾ ਸਖਤ ਐਕਸ਼ਨ

12/05/2019 10:24:31 AM

ਜਲੰਧਰ (ਬੁਲੰਦ)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕੂੜੇ ਦਾ ਨਿਬੇੜਾ ਕਰਨ ਲਈ ਸਪਸ਼ਟ ਸ਼ਬਦਾਂ 'ਚ ਚਿਤਾਵਨੀ ਦਿੱਤੀ ਗਈ ਹੈ। ਐੱਨ. ਜੀ. ਟੀ. ਵੱਲੋਂ ਗਠਿਤ ਟੀਮ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਐੱਸ. ਸੀ. ਅਗਰਵਾਲ ਅਤੇ ਬਾਬੂ ਰਾਮ ਦੀ ਕਮੇਟੀ ਨੇ ਬੀਤੇ ਦਿਨ ਸਰਕਟ ਹਾਊਸ 'ਚ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ, ਡ੍ਰੇਨੇਜ ਵਿਭਾਗ, ਖੇਤੀ ਵਿਭਾਗ, ਪੰਚਾਇਤ ਅਤੇ ਪੇਂਡੂ ਵਿਭਾਗ ਸਣੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਟੀਮ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਿੱਥੇ ਸਮੇਂ 'ਚ ਸ਼ਹਿਰ ਦੇ ਕੂੜੇ ਦੀ ਨਿਕਾਸੀ ਅਤੇ ਵਰਿਆਣਾ ਡੰਪ ਦੇ ਕੂੜੇ ਦਾ ਨਿਬੇੜਾ ਕੀਤਾ ਜਾਵੇ, ਨਹੀਂ ਤਾਂ ਐੱਨ. ਜੀ. ਟੀ. ਨੂੰ ਇਸ ਮਾਮਲੇ 'ਚ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਸਾਫ ਰਹੇ, ਇਸ ਲਈ ਸਿਰਫ ਐੱਨ. ਜੀ. ਟੀ. ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਜ਼ਰੂਰੀ ਹੈ ਕਿ ਹਰ ਵਿਭਾਗ ਅਤੇ ਹਰ ਆਦਮੀ ਵਾਤਾਵਰਣ ਸਬੰਧੀ ਆਪਣੀ ਜ਼ਿੰਮੇਵਾਰੀ ਸਮਝੇ, ਨਹੀਂ ਤਾਂ ਅਗਲੇ ਕੁਝ ਸਾਲਾਂ 'ਚ ਪੰਜਾਬ ਜਿਹਾ ਹਰਿਆ-ਭਰਿਆ ਸੂਬਾ ਸੋਕੇ ਦੀ ਮਾਰ ਝੱਲ ਰਿਹਾ ਹੋਵੇਗਾ।

4 ਸਾਲਾਂ 'ਚ ਵਰਿਆਣਾ ਡੰਪ ਅਤੇ ਡੇਢ ਸਾਲ 'ਚ ਐੱਸ. ਟੀ. ਪੀ. ਲਾਉਣ ਦਾ ਕੰਮ ਹੋਵੇਗਾ ਪੂਰਾ
ਮੀਟਿੰਗ ਦੌਰਾਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਵਰਿਆਣਾ ਕੂੜਾ ਡੰਪ, ਕਾਲਾ ਸਿੰਘਿਆਂ ਡਰੇਨ ਅਤੇ ਕਈ ਫੈਕਟਰੀਆਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਇਹ ਦੇਖ ਬੇਹੱਦ ਦੁੱਖ ਹੋਇਆ ਕਿ ਲੋਕ ਕਿਸ ਤਰ੍ਹਾਂ ਪਾਣੀ ਅਤੇ ਹਵਾ ਪ੍ਰਦੂਸ਼ਣ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿੱਥੇ ਸਮੇਂ 'ਚ ਸਾਰੇ ਤੈਅ ਪ੍ਰਾਜੈਕਟ ਪੂਰੇ ਕੀਤੇ ਜਾਣ। ਇਸ ਦੇ ਲਈ 15 ਐੱਮ. ਐੱਲ. ਡੀ. ਦਾ ਐੱਸ. ਟੀ. ਪੀ. ਬਸਤੀ ਦਾਨਿਸ਼ਮੰਦਾਂ 'ਚ ਅਤੇ 50 ਐੱਮ. ਐੱਲ. ਡੀ. ਦਾ ਪਲਾਂਟ ਫੋਲੜੀਵਾਲ 'ਚ ਲਾਉਣ ਲਈ ਡੇਢ ਸਾਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਰਿਆਣਾ ਕੂੜੇ ਦੇ ਡੰਪ ਨੂੰ ਖਤਮ ਕਰਨ ਲਈ ਅਧਿਕਾਰੀਆਂ ਨੂੰ 4 ਸਾਲ ਦਾ ਸਮਾਂ ਦਿੱਤਾ ਗਿਆ ਹੈ ਅਤੇ ਨਾਲ ਹੀ ਜਲਦੀ ਸਾਰੇ ਪ੍ਰਾਜੈਕਟਾਂ ਦੇ ਟੈਂਡਰ ਜਾਰੀ ਕਰਨ ਲਈ ਕਿਹਾ ਗਿਆ ਹੈ। 

ਟ੍ਰਿਬਿਊਨਲ ਨੇ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਉੱਚ ਅਧਿਕਾਰੀ ਆਪਣੀ ਨਿਗਰਾਨੀ ਹੇਠ ਸਮਾਂਬੱਧ ਢੰਗ ਨਾਲ ਪੂਰਾ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਵਾਤਾਵਰਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ। ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਵਰਿਆਣਾ ਡੰਪ ਲਈ ਟੈਂਡਰ ਜਾਰੀ ਕਰ ਦਿੱਤੇ ਜਾਣਗੇ। ਮੌਕੇ 'ਤੇ ਮੌਜੂਦ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਦੀਪਰਵ ਲਾਕੜਾ ਨੂੰ ਸੰਬੋਧਨ ਕਰਦਿਆਂ ਐੱਨ. ਜੀ. ਟੀ. ਦੀ ਟੀਮ ਨੇ ਕਿਹਾ ਕਿ ਸ਼ਹਿਰ 'ਚ ਜਿੱਥੇ ਵੀ ਕੂੜੇ ਦੇ ਡੰਪ ਹਨ, ਉਨ੍ਹਾਂ ਨੂੰ ਰੋਜ਼ਾਨਾ ਸਾਫ ਕੀਤਾ ਜਾਵੇ ਅਤੇ ਕੂੜੇ ਦੇ ਡੰਪਾਂ ਦੇ ਆਲੇ-ਦੁਆਲੇ ਗ੍ਰੀਨ ਬੈਲਟਾਂ ਬਣਾਈਆਂ ਜਾਣ ਅਤੇ ਕੂੜੇ ਦੇ ਡੰਪ 'ਤੇ ਚਾਰਦੀਵਾਰੀ ਕੀਤੀ ਜਾਵੇ ਤਾਂ ਜੋ ਕੂੜਾ ਫੈਲ ਕੇ ਸੜਕਾਂ 'ਤੇ ਨਾ ਆ ਸਕੇ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿੰਨੇ ਵੀ ਟੈਂਪਰੇਰੀ ਡੰਪ ਹਨ, ਉਨ੍ਹਾਂ ਨੂੰ 15 ਦਿਨਾਂ 'ਚ ਸਾਫ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਨੂੰ ਜੈਵਿਕ ਤਰੀਕਿਆਂ ਨਾਲ ਖਤਮ ਕਰਨ ਦੀ ਯੋਜਨਾ 'ਤੇ ਤੇਜ਼ੀ ਨਾਲ ਅਮਲ ਕੀਤਾ ਜਾਵੇ ਅਤੇ ਸ਼ਹਿਰ ਵਿਚ ਥਾਂ-ਥਾਂ ਡਸਟਬਿਨ ਰਖਵਾਏ ਜਾਣ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਲਿਡ ਵੇਸਟ, ਬਾਇਓਮੈਡੀਕਲ ਵੇਸਟ ਦੇ ਪ੍ਰਬੰਧਨ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਬਾਰੇ ਇਕ ਪ੍ਰਾਜੈਕਟ ਰਿਪੋਰਟ ਐੱਨ. ਜੀ. ਟੀ. ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਗਈ।

ਕਾਲਾ ਸਿੰਘਿਆਂ ਡਰੇਨ ਸਣੇ ਨਹਿਰਾਂ ਦੀ ਸਫਾਈ 'ਤੇ ਦਿਓ ਖਾਸ ਧਿਆਨ
ਐੱਨ. ਜੀ. ਟੀ. ਕਮੇਟੀ ਨੇ ਕਿਹਾ ਕਿ ਕਾਲਾ ਸਿੰਘਿਆਂ ਡਰੇਨ 'ਚ ਕਈ ਪੁਆਇੰਟਾਂ 'ਤੇ ਅਨਰੀਟ ਪਾਣੀ ਗੰਦੇ ਨਾਲੇ 'ਚ ਜਾਂਦਾ ਦੇਖਿਆ ਗਿਆ ਹੈ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡ੍ਰੇਨੇਜ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਕਿ ਲਗਾਤਾਰ ਚੈਕਿੰਗ ਕੀਤੀ ਜਾਵੇ ਕਿ ਕਿਨ੍ਹਾਂ ਥਾਵਾਂ ਤੋਂ ਗੰਦਾ ਪਾਣੀ ਵੇਈਂ ਵਿਚ ਜਾ ਰਿਹਾ ਹੈ ਅਤੇ ਜੋ ਲੋਕ ਇਸ ਦੇ ਲਈ ਜ਼ਿੰਮੇਵਾਰ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਨਹਿਰਾਂ ਦੀ ਸਾਫ-ਸਫਾਈ ਅਤੇ ਮੇਨਟੀਨੈਂਸ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ।

ਸਮਾਰਟ ਸਿਟੀ ਦੇ ਪੈਸੇ ਨੂੰ ਖਰਚ ਕਰੇ ਪ੍ਰਸ਼ਾਸਨ
ਐੱਨ. ਜੀ. ਟੀ. ਕਮੇਟੀ ਦੇ ਮੈਂਬਰਾਂ ਨੇ ਸਾਫ ਕਿਹਾ ਕਿ ਪ੍ਰਸ਼ਾਸਨ ਇਹ ਨਹੀਂ ਕਹਿ ਸਕਦਾ ਕਿ ਸਾਡੇ ਕੋਲ ਇਨ੍ਹਾਂ ਕੰਮਾਂ ਲਈ ਪੈਸੇ ਨਹੀਂ ਹਨ। ਕੇਂਦਰ ਸਰਕਾਰ ਨੇ ਜਲੰਧਰ ਨੂੰ ਸਮਾਰਟ ਸਿਟੀ ਯੋਜਨਾ ਦੇ ਤਹਿਤ ਜੋ ਫੰਡ ਦਿੱਤਾ ਹੈ, ਉਸ ਨੂੰ ਖਰਚ ਕੀਤਾ ਜਾਵੇ ਅਤੇ ਜਲੰਧਰ ਨੂੰ ਕੂੜਾ ਮੁਕਤ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾਵੇ। ਜੇਕਰ ਕੇਂਦਰ ਤੋਂ ਆਏ ਪੈਸਿਆਂ ਨੂੰ ਜ਼ਿਲਾ ਪ੍ਰਸ਼ਾਸਨ ਸਹੀ ਢੰਗ ਨਾਲ ਖਰਚ ਕਰ ਕੇ ਉਸਦੇ ਬਿੱਲ ਜਮ੍ਹਾ ਨਹੀਂ ਕਰਵਾਏਗਾ ਤਾਂ ਪੈਸਾ ਵਾਪਸ ਕੇਂਦਰ ਸਰਕਾਰ ਦੇ ਖਾਤੇ 'ਚ ਚਲਾ ਜਾਵੇਗਾ।

ਫੈਕਟਰੀਆਂ ਦੀ ਦੋਬਾਰਾ ਪਾਣੀ ਦੇ ਸੈਂਪਲ ਲੈਣ ਦੀ ਅਪੀਲ ਹੋਈ ਖਾਰਿਜ
ਮੰਗਲਵਾਰ ਐੱਨ. ਜੀ. ਟੀ. ਦੀ ਟੀਮ ਨੇ ਜੋ ਫੈਕਟਰੀਆਂ ਅਤੇ ਹਸਪਤਾਲਾਂ ਦੇ ਪਾਣੀ ਦੇ ਸੈਂਪਲ ਲਏ ਸਨ, ਜਿਨ੍ਹਾਂ ਦੀ ਜਾਂਚ ਕਰਵਾਈ ਜਾਣੀ ਹੈ ਕਿ ਉਹ ਗੰਦਾ ਪਾਣੀ ਤਾਂ ਨਹੀਂ ਨਿਕਾਸ ਕਰ ਰਹੇ। ਉਸ ਮਾਮਲੇ 'ਚ ਬੀਤੇ ਦਿਨ ਇਕ ਫੈਕਟਰੀ ਦੇ ਡਾਇਰੈਕਟਰ ਆਪਣੀ ਟੀਮ ਨਾਲ ਸਰਕਟ ਹਾਊਸ ਪਹੁੰਚੇ ਅਤੇ ਉਨ੍ਹਾਂ ਐੱਨ. ਜੀ. ਟੀ. ਕਮੇਟੀ ਨੂੰ ਅਪੀਲ ਕੀਤੀ ਕਿ ਮੰਗਲਵਾਰ ਜੋ ਸੈਂਪਲ ਉਨ੍ਹਾਂ ਦੀ ਫੈਕਟਰੀ 'ਚੋਂ ਲਏ ਗਏ ਹਨ, ਉਨ੍ਹਾਂ ਨੂੰ ਰੱਦ ਕਰਕੇ ਪਾਣੀ ਦੇ ਨਵੇਂ ਸੈਂਪਲ ਭਰੇ ਜਾਣ ਅਤੇ ਉਨ੍ਹਾਂ ਦੀ ਜਾਂਚ ਕਰਵਾਈ ਜਾਵੇ ਪਰ ਐੱਨ. ਜੀ. ਟੀ. ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ ਮੰਗਲਵਾਰ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਹੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੰਗਲਵਾਰ ਸਾਰੇ ਸੈਂਪਲ ਪੂਰੀ ਟੀਮ ਦੀ ਨਿਗਰਾਨੀ ਵਿਚ ਅਤੇ ਪੂਰੇ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਹੀ ਲਏ ਗਏ ਸਨ। ਉਨ੍ਹਾਂ ਨੂੰ ਹੀ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਜਾਵੇਗਾ। ਜੇਕਰ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਫੈਕਟਰੀ ਵਿਚੋਂ ਇਕ ਨਹੀਂ, 3-4 ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਗਏ ਹਨ, ਇਸ ਲਈ ਉਨ੍ਹਾਂ ਸੈਂਪਲਾਂ ਨੂੰ ਬਦਲਣ ਜਾਂ ਦੁਬਾਰਾ ਸੈਂਪਲ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਸ ਮੌਕੇ ਜਸਬੀਰ ਸਿੰਘ ਨੇ ਦੱਸਿਆ ਕਿ ਐੱਨ. ਜੀ. ਟੀ. ਦੀ ਟੀਮ ਹਰ ਡੇਢ ਸਾਲ 'ਚ ਸ਼ਹਿਰ ਦਾ ਦੌਰਾ ਕਰਕੇ ਪ੍ਰਦੂਸ਼ਣ ਮਾਮਲਿਆਂ ਦੀ ਚੈਕਿੰਗ ਕਰਦੀ ਰਹੇਗੀ ਅਤੇ ਜਿੱਥੇ ਕਮੀਆਂ ਪਾਈਆਂ ਗਈਆਂ, ਉਥੇ ਕਾਰਵਾਈ ਹੋਵੇਗੀ। ਇਸ ਮੌਕੇ ਡੀ. ਸੀ. ਵਰਿੰਦਰ ਸ਼ਰਮਾ, ਵਾਤਾਵਰਣ ਅਧਿਕਾਰੀ ਜੀ. ਐੱਸ. ਮਜੀਠੀਆ, ਅਰੁਣ ਕੱਕੜ, ਏ. ਡੀ. ਸੀ. ਕੁਲਵੰਤ ਸਿੰਘ ਆਦਿ ਵੀ ਮੌਜੂਦ ਸਨ।

ਸੁਦੇਸ਼ ਵਿੱਜ ਨੇ ਐੱਨ. ਜੀ. ਟੀ. ਨਿਗਰਾਨ ਕਮੇਟੀ ਸਾਹਮਣੇ ਚੁੱਕਿਆ ਅਰਬਨ ਅਸਟੇਟ ਦੇ ਕੂੜਾ ਦੇ ਡੰਪ ਦਾ ਮੁੱਦਾ
ਜਲੰਧਰ ਪਹੁੰਚੀ ਐੱਨ. ਜੀ. ਟੀ. ਦੀ ਨਿਗਰਾਨ ਕਮੇਟੀ ਦੇ ਸਾਹਮਣੇ ਸੀ. ਕਾਂਗਰਸੀ ਨੇਤਾ ਸੁਦੇਸ਼ ਵਿੱਜ ਨੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਿਗਰਾਨ ਕਮੇਟੀ ਸਾਹਮਣੇ ਅਰਬਨ ਅਸਟੇਟ ਫੇਸ-2 ਵਿਚ ਲੱਗੇ ਕੂੜੇ ਦੇ ਡੰਪ ਬਾਰੇ ਜਾਣਕਾਰੀ ਿਦੱਤੀ। ਉਨ੍ਹਾਂ ਐੱਨ. ਜੀ. ਟੀ. ਅਧਿਕਾਰੀਆਂ ਨੂੰ ਦੱਸਿਆ ਕਿ 3-4 ਮਹੀਨੇ ਪਹਿਲਾਂ ਵੀ ਇਸ ਕੂੜੇ ਦੇ ਡੰਪ ਸਬੰਧੀ ਉਹ ਨਗਰ ਨਿਗਮ ਅਧਿਕਾਰੀਆਂ ਨਾਲ ਮਿਲੇ ਸਨ। ਉਨ੍ਹਾਂ ਦੱਸਿਆ ਕਿ ਇਸ ਕੂੜੇ ਦੇ ਡੰਪ ਕਾਰਨ ਇਲਾਕੇ ਵਿਚ ਬਦਬੂ ਅਤੇ ਮੱਛਰ-ਮੱਖੀਆਂ ਦੀ ਭਰਮਾਰ ਰਹਿੰਦੀ ਹੈ, ਜਿਸ ਕਾਰਨ ਡੇਂਗੂ ਵਰਗੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਵਿੱਜ ਦੀ ਸ਼ਿਕਾਇਤ 'ਤੇ ਐੱਨ. ਜੀ. ਟੀ. ਟੀਮ ਨੇ ਨਿਗਮ ਕਮਿਸ਼ਨਰ ਨੂੰ ਤੁਰੰਤ ਉਕਤ ਸਥਾਨ ਤੋਂ ਕੂੜਾ ਹਟਾਉਣ ਅਤੇ ਉਥੇ ਸਫਾਈ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਅਰਬਨ ਅਸਟੇਟ ਫੇਸ-2 ਮਾਰਕੀਟ ਦੇ ਮੈਂਬਰ ਵਾਸੂਦੇਵ ਉੱਪਲ, ਪਰਮਜੀਤ ਸਿੰਘ, ਦਵਿੰਦਰ ਸਿੰਘ ਸੰਧੂ, ਕੇ. ਜੀ. ਗੌਤਮ, ਸੰਜੂ ਵਰਮਾ ਆਦਿ ਮੌਜੂਦ ਸਨ।

shivani attri

This news is Content Editor shivani attri