ਪ੍ਰਦੂਸ਼ਣ ਦੇ ਮੁੱਦੇ 'ਤੇ NGT ਚੌਕਸ, ਜਾਣੇ ਕਾਲਾ ਸਿੰਘਿਆਂ ਡਰੇਨ ਦੇ ਹਾਲਾਤ (ਵੀਡੀਓ)

12/03/2019 6:47:49 PM

ਜਲੰਧਰ — ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਕ ਵਿਸ਼ੇਸ਼ ਟੀਮ ਅੱਜ ਜਲੰਧਰ ਪਹੁੰਚੀ, ਜਿੱਥੇ ਟੀਮ ਨੇ ਕਾਲਾ ਸਿੰਘਿਆਂ ਡਰੇਨ ਦਾ ਦੌਰਾ ਕੀਤਾ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ। ਇਸ ਮੌਕੇ ਐੱਨ. ਜੀ. ਟੀ. ਦੇ ਸਾਬਕਾ ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਸਿਸਟਮ ਦੀ ਪੂਰੀ ਤਰ੍ਹਾਂ ਫਿਨੀਸ਼ਿੰਗ ਨਹੀਂ ਹੋ ਰਹੀ, ਜਿਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਹ ਸਿਸਟਮ 45 ਸਾਲਾਂ ਤੋਂ ਖਰਾਬ ਹੈ ਪਰ ਅੱਗੇ ਨਾਲੋਂ ਫਿਰ ਵੀ ਥੋੜ੍ਹੀ ਡਿਵੈੱਲਪਮੈਂਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਪਣੇ ਪੱਧਰ 'ਤੇ ਪੂਰਾ ਕੰਮ ਰਹੀਆਂ ਹਨ ਅਤੇ ਲੋਕਾਂ ਵੀ ਪੂਰਾ ਸਾਥ ਦੇਣਾ ਚਾਹੀਦਾ ਹੈ। ਲੋਕਾਂ ਨੂੰ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਡਰੇਨ 'ਚੋਂ ਪਾਣੀ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜੇ ਜਾਣਗੇ ਅਤੇ ਆਉਣ ਵਾਲੇ ਦਿਨਾਂ 'ਚ ਸਖਤ ਐਕਸ਼ਨ ਲਿਆ ਜਾਵੇਗਾ। 

ਉਥੇ ਹੀ ਨਗਰ ਨਿਗਮ 'ਚ ਭਾਜਪਾ ਕੌਂਸਲਰ ਦਲ ਦੇ ਉੱਪ ਆਗੂ ਸੁਸ਼ੀਲ ਸ਼ਰਮਾ ਨੇ ਅੱਜ ਐੱਨ. ਜੀ. ਟੀ. ਟੀਮ ਦੇ ਮੈਂਬਰਾਂ ਜਸਟਿਸ ਜਸਬੀਰ ਸਿੰਘ, ਸੰਤ ਬਾਬਾ ਸੀਚੇਵਾਲ ਅਤੇ ਹੋਰਨਾਂ ਨੂੰ ਮਿਲ ਕੇ ਇਕ ਮੰਗ-ਪੱਤਰ ਦਿੱਤਾ ਅਤੇ ਮੰਗ ਰੱਖੀ ਕਿ ਫੋਕਲ ਪੁਆਇੰਟ ਦੇ ਸੀਵਰ ਨੂੰ ਨਿਗਮ ਦੀਆਂ ਸੀਵਰ ਲਾਈਨਾਂ ਨਾਲ ਜੋੜੇ ਜਾਣ ਦੇ ਸਕੈਂਡਲ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਨਾਜਾਇਜ਼ ਕੰਮ ਨਾਲ ਕਾਲੀਆ ਕਾਲੋਨੀ, ਰਾਜਾ ਗਾਰਡਨ, ਬੁਲੰਦਪੁਰ, ਗਦਈਪੁਰ ਅਤੇ ਆਲੇ-ਦੁਆਲੇ ਦੇ ਵੱਡੇ ਖੇਤਰ ਪ੍ਰਭਾਵਿਤ ਹੋ ਰਹੇ ਹਨ, ਜਿੱਥੇ ਸੀਵਰ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ।


ਸੁਸ਼ੀਲ ਸ਼ਰਮਾ ਨੇ ਦੱਸਿਆ ਕਿ 1992 'ਚ ਫੋਕਲ ਪੁਆਇੰਟ ਕੱਟਿਆ ਗਿਆ ਸੀ ਪਰ ਅੱਜ ਤੱਕ ਉਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਨਹੀਂ ਲਾਇਆ ਗਿਆ। ਉਥੇ ਸੈਂਕੜਿਆਂ ਦੀ ਗਿਣਤੀ 'ਚ ਇੰਡਸਟਰੀ ਲੱਗੀ ਹੋਈ ਹੈ, ਜਿਸ ਦਾ ਕੈਮੀਕਲ ਯੁਕਤ ਪਾਣੀ ਰਿਹਾਇਸ਼ੀ ਕਾਲੋਨੀਆਂ ਦੀ ਸੀਵਰ ਲਾਈਨ 'ਚ ਜਾ ਕੇ ਤਬਾਹੀ ਮਚਾ ਰਿਹਾ ਹੈ। ਉਦਯੋਗਿਕ ਖੇਤਰਾਂ 'ਚ ਸਥਿਤ 800 ਫੈਕਟਰੀਆਂ 'ਚੋਂ ਟ੍ਰੀਟਮੈਂਟ ਪਲਾਂਟ ਦੇ ਪੈਸੇ ਚਾਰਜ ਕੀਤੇ ਜਾ ਰਹੇ ਹਨ ਜੋ ਹੈ ਹੀ ਨਹੀਂ।

ਨਿਗਮ ਨੇ ਪਹਿਲਾਂ ਇਹ ਸੀਵਰ ਕੁਨੈਕਸ਼ਨ ਕੱਟ ਦਿੱਤਾ ਸੀ ਪਰ ਬਾਅਦ 'ਚ ਮਿਲੀਭੁਗਤ ਕਾਰਨ ਇਸ ਨੂੰ ਮੁੜ ਜੋੜ ਦਿੱਤਾ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਲੋਕਾਂ ਦੀ ਜਾਨ ਦਾ ਖਤਰਾ ਹੈ। ਇਸ ਲਈ ਇਸ ਕੋਤਾਹੀ ਦੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇ। ਐੱਨ. ਜੀ. ਟੀ. ਦੀ ਟੀਮ ਨੇ ਗੁਰੂ ਅਮਰਦਾਸ ਨਗਰ ਡਿਸਪੋਜ਼ਲ ਨੂੰ ਵੀ ਦੇਖਿਆ, ਜਿੱਥੇ ਸੁਸ਼ੀਲ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਡਰੇਨ ਦੇ ਨਾਲ ਜੋ ਸੀਵਰ ਲਾਈਨ ਫੋਲੜੀਵਾਲ ਤੱਕ ਪਾਈ ਹੈ, ਉਹ ਅਕਸਰ ਭਰੀ ਰਹਿੰਦੀ ਹੈ, ਜਿਸ ਕਾਰਨ ਇਸ ਖੇਤਰ 'ਚ ਪਾਣੀ ਓਵਰਫਲੋਅ ਹੋ ਜਾਂਦਾ ਹੈ ਅਤੇ ਫੋਕਲ ਪੁਆਇੰਟ ਦੇ ਪਾਣੀ ਕਾਰਨ ਸਮੱਸਿਆ ਹੋਰ ਵਧ ਜਾਂਦੀ ਹੈ।
 

shivani attri

This news is Content Editor shivani attri