ਪੁੱਤ ਨੂੰ ਬਚਾਉਣ ਗਏ ਪਿਤਾ ਦਾ ਕਤਲ! 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ
Saturday, Nov 28, 2026 - 08:20 PM (IST)
ਫਾਜ਼ਿਲਕਾ (ਕ੍ਰਿਸ਼ਨ): ਫਾਜ਼ਿਲਕਾ ਦੇ ਪਿੰਡ ਤਰੋਬੜੀ ਵਿਖੇ ਗਲੀ ਵਿਚ ਹੋਏ ਝਗੜੇ ਦੌਰਾਨ ਕੁੱਟਮਾਰ ਕਾਰਨ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਪਿੰਡ ਦੇ ਹੀ 5 ਮੁਲਜ਼ਮਾਂ ਖਿਲਾਫ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਤਰੋਬੜੀ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। 16 ਨਵੰਬਰ 2026 ਨੂੰ ਉਹ ਅਤੇ ਉਸ ਦਾ ਪਿਤਾ ਕੁਲਵੰਤ ਸਿੰਘ ਘਰ ਵਿਚ ਮੌਜੂਦ ਸਨ। ਇਸ ਦੌਰਾਨ ਜਦੋਂ ਉਸ ਦਾ ਭਰਾ ਅਭਿਸ਼ੇਕ ਸਿੰਘ ਕੰਮ ਤੋਂ ਵਾਪਸ ਆ ਰਿਹਾ ਸੀ, ਤਾਂ ਉਕਤ ਮੁਲਜ਼ਮਾਂ ਨੇ ਗਲੀ ਵਿਚ ਉਸ ਨਾਲ ਗਾਲੀ-ਗਲੋਚ ਅਤੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸ਼ਿਕਾਇਤਕਰਤਾ ਦਾ ਪਿਤਾ ਕੁਲਵੰਤ ਸਿੰਘ ਮੌਕੇ 'ਤੇ ਗਿਆ, ਤਾਂ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜ਼ਖ਼ਮੀ ਹਾਲਤ ਵਿਚ ਕੁਲਵੰਤ ਸਿੰਘ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ 27 ਨਵੰਬਰ 2026 ਨੂੰ ਮੁਕੱਦਮਾ ਨੰਬਰ 381 ਦਰਜ ਕੀਤਾ ਹੈ। ਇਸ ਮਾਮਲੇ ਵਿਚ ਸੋਨੂੰ ਸਿੰਘ ਪੁੱਤਰ ਭਗਵਾਨ ਸਿੰਘ, ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਹਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਕਾਲਾ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਭਗਵਾਨ ਸਿੰਘ (ਸਾਰੇ ਵਾਸੀ ਪਿੰਡ ਤਰੋਬੜੀ) ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 103, 115(2) ਅਤੇ 3(5) ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਅਨੁਸਾਰ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ (ASI) ਬਲਕਾਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।3
