ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਲਾਇਆ ਧੁੜਕੂ
Wednesday, Apr 11, 2018 - 11:13 PM (IST)

ਬਾਘਾਪੁਰਾਣਾ, (ਚਟਾਨੀ)- ਬੇ-ਮੌਸਮੀ ਬਾਰਿਸ਼ ਤੇ ਤੇਜ਼ ਝੱਖੜ ਨੇ ਕਣਕ ਦੀ ਪੱਕੀ ਫਸਲ 'ਤੇ ਮਾਰੂ ਅਸਰ ਪਾਇਆ ਹੈ। ਵੱਢਣ ਲਈ ਤਿਆਰ ਖੜ੍ਹੀ ਕਣਕ ਦੀ ਸੋਨੇ ਵਰਗੀ ਫਸਲ ਖੇਤਾਂ 'ਚ ਇਸ ਕਦਰ ਵਿਛ ਗਈ ਹੈ ਕਿ ਹੁਣ ਇਹ ਨਾ ਤਾਂ ਹੱਥੀਂ ਵੱਢੀ ਜਾ ਸਕਦੀ ਹੈ ਅਤੇ ਨਾ ਹੀ ਕੰਬਾਈਨ ਰਾਹੀਂ ਇਸ ਨੂੰ ਵੱਢਿਆ ਜਾ ਸਕਦਾ ਹੈ।
ਧਰਤੀ 'ਤੇ ਵਿਛ ਚੁੱਕੀ ਕਣਕ ਦੇ ਦਾਣਿਆਂ ਦਾ ਬਦਰੰਗ ਹੋ ਜਾਣ ਦਾ ਖਦਸ਼ਾ ਜੱਟਾਂ ਨੂੰ ਸਤਾ ਰਿਹਾ ਹੈ। ਇਸ ਨਾਲ ਝਾੜ 'ਤੇ ਤਾਂ ਅਸਰ ਪੈਣਾ ਹੀ ਹੈ, ਸਗੋਂ ਕਣਕ ਦੀ ਕੁਆਲਿਟੀ 'ਚ ਵੀ ਵਿਗਾੜ ਆ ਸਕਦਾ ਹੈ।
ਕਸਬੇ ਦੀ ਮੰਡੀਰਾ ਵਾਲੀ ਸੜਕ, ਕਾਲੇਕੇ ਵਾਲੀ ਸੜਕ ਅਤੇ ਰੋਡੇ ਰੋਡ ਦੇ ਖੇਤਾਂ 'ਚ ਕਣਕ ਵਿਛੀ ਵੇਖੀ ਗਈ, ਜਦਕਿ ਲਾਗਲੇ ਪਿੰਡਾਂ ਨੱਥੋਕੇ, ਬੁੱਧ ਸਿੰਘ ਵਾਲਾ, ਜੈ ਸਿੰਘ ਵਾਲਾ ਆਦਿ 'ਚ ਵੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਖੇਤੀ ਮਾਹਿਰਾਂ ਅਨੁਸਾਰ ਮੌਸਮ ਦੇ ਬਦਲੇ ਮਿਜਾਜ਼ ਕਾਰਨ ਵਾਢੀ ਦੇ ਪੱਛੜਨ ਦੇ ਆਸਾਰ ਹਨ। ਖੇਤੀ ਮਾਹਿਰ ਡਾਕਟਰ ਨਵਦੀਪ ਜੌੜਾ ਨੇ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ ਆਉਂਦੇ ਇਕ-ਦੋ ਦਿਨਾਂ 'ਚ ਮੌਸਮ ਸੁਹਾਵਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਮੌਸਮ ਦੇ ਅਨੁਕੂਲ ਹੁੰਦਿਆਂ ਹੀ ਆਪਣੇ ਵਾਢੀ ਕਾਰਜ ਉਹ ਤੁਰੰਤ ਨਿਪਟਾ ਲੈਣ। ਉਨ੍ਹਾਂ ਕਿਸਾਨਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਜੇਕਰ ਉਨ੍ਹਾਂ ਦੀ ਕੱਢੀ ਹੋਈ ਕਣਕ ਮੰਡੀਆਂ 'ਚ ਜਾਂ ਘਰਾਂ 'ਚ ਪਈ ਹੈ ਤਾਂ ਉਸ ਨੂੰ ਪੱਕੀ ਥਾਂ 'ਤੇ ਹੀ ਰੱਖਿਆ ਜਾਵੇ ਅਤੇ ਤਰਪਾਲਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ।