ਇਸ਼ਤਿਹਾਰੀ ਕੰਪਨੀਆਂ ਨਗਰ ਨਿਗਮ ਨੂੰ ਨਹੀਂ ਕਰ ਰਹੀਆਂ ਭੁਗਤਾਨ
Saturday, Jun 27, 2020 - 01:40 PM (IST)
ਮੋਹਾਲੀ (ਨਿਆਮੀਆਂ) : ਨਗਰ ਨਿਗਮ ਮੋਹਾਲੀ ਅਧੀਨ ਪੈਂਦੀਆਂ ਮਾਰਕਿਟਾਂ ਤੇ ਸ਼ਹਿਰ ਦੇ ਹੋਰਨਾਂ ਵੱਖ-ਵੱਖ ਹਿੱਸਿਆਂ 'ਚ ਸੜਕਾਂ ਕਿਨਾਰੇ ਇਸ਼ਤਿਹਾਰਾਂ ਵਾਲੀਆਂ ਸਾਈਟਾਂ ’ਤੇ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਵੱਲੋਂ ਤਾਲਾਬੰਦੀ ਦਾ ਬਹਾਨਾ ਲਗਾ ਕੇ ਨਗਰ ਨਿਗਮ ਨੂੰ ਕੀਤਾ ਜਾ ਰਿਹਾ ਪੈਸੇ ਦਾ ਭੁਗਤਾਨ ਰੋਕ ਦਿੱਤਾ ਗਿਆ ਹੈ, ਜੋ ਕਿ ਪਿਛਲੇ 3 ਮਹੀਨਿਆਂ ਤੋਂ ਕੰਪਨੀਆਂ ਨਿਗਮ ਨੂੰ ਭੁਗਤਾਨ ਨਹੀਂ ਕਰ ਰਹੀਆਂ ਹਨ, ਜਦੋਂ ਕਿ ਇਨ੍ਹਾਂ ਕੰਪਨੀਆਂ ਦੇ ਨਿਗਮ ਨਾਲ ਪੂਰੇ ਸਾਲ ਦਾ ਠੇਕਾ ਹੈ। ਪ੍ਰਸਿੱਧ ਸਮਾਜ ਸੇਵੀ, ਨਿਗਮ ਦੇ ਸਾਬਕਾ ਕੌਂਸਲਰ ਜਾਗਰੂਕ ਸ਼ਹਿਰੀ ਕੁਲਜੀਤ ਸਿੰਘ ਬੇਦੀ ਨੇ ਨਿਗਮ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਇਨ੍ਹਾਂ ਕੰਪਨੀਆਂ ਖਿਲਾਫ਼ ਸ਼ਿਕੰਜਾ ਕਸਣ ਦੀ ਮੰਗ ਕੀਤੀ ਹੈ।
ਬੇਦੀ ਨੇ ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਹੁਣ ਜਦੋਂ ਸ਼ਹਿਰ ਦੀਆਂ ਸਾਰੀਆਂ ਮਾਰਕਿਟਾਂ ਖੁੱਲ੍ਹ ਚੁੱਕੀਆਂ ਹੋਈਆਂ ਹਨ ਅਤੇ ਸਾਰੇ ਕਾਰੋਬਾਰ ਚਾਲੂ ਹੋ ਚੁੱਕੇ ਹਨ ਅਤੇ ਸਾਰੇ ਲੋਕੀਂ ਕਿਸੇ ਨਾ ਕਿਸੇ ਰੂਪ 'ਚ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਹਨ ਪਰ ਫਿਰ ਵੀ ਇਹ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਇਨ੍ਹਾਂ ਇਸ਼ਤਿਹਾਰਾਂ ਵਾਲੀਆਂ ਸਾਈਟਾਂ ’ਤੇ ਜਾਣ-ਬੁੱਝ ਕੇ ਇਸ਼ਤਿਹਾਰ ਨਹੀਂ ਲਗਾ ਰਹੀਆਂ ਹਨ ਤਾਂ ਜੋ ਤਾਲਾਬੰਦੀ ਦੀ ਆੜ 'ਚ ਭੁਗਤਾਨ ਕਰਨ ਤੋਂ ਬਚਣ ਲਈ ਡਰਾਮੇਬਾਜ਼ੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਪੰਜ ਨਿੱਜੀ ਕੰਪਨੀਆਂ ਕੋਲ ਨਗਰ ਨਿਗਮ ਅਧੀਨ ਆਉਂਦੇ ਖੇਤਰਾਂ 'ਚ ਇਸ਼ਤਿਹਾਰਬਾਜ਼ੀ ਕਰਨ ਦਾ ਠੇਕਾ ਹੈ।
ਇਨ੍ਹਾਂ ਕੰਪਨੀਆਂ 'ਚ ਸੈਲਵਾਨ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਪਬਲੀਸਿਟੀ, ਪਾਇਨੀਅਰ ਪਬਲਿਸ਼ਿੰਗ, ਵਿਜ਼ਨ ਏਜੰਸੀ, ਗਰੋਇੰਗ ਕੰਟੈਂਟ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਤਾਲਾਬੰਦੀ ਦੇ ਬਹਾਨੇ ਨਿਗਮ ਦਾ ਲਗਭਗ ਸਵਾ 2 ਕਰੋੜ ਰੁਪਏ ਦੱਬੀ ਬੈਠੀਆਂ ਹਨ। ਉਨ੍ਹਾਂ ਨਿਗਮ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਕਤ ਕੰਪਨੀਆਂ ਕੋਲੋਂ ਪੈਸੇ ਦੀ ਰਿਕਵਰੀ ਕਰਵਾਉਣ ਲਈ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਪਿਛਲੇ ਸਾਰੇ ਮਹੀਨਿਆਂ ਦਾ ਪੈਸਾ ਇਨ੍ਹਾਂ ਕੰਪਨੀ ਤੋਂ ਵਸੂਲਿਆ ਜਾਵੇ ਤਾਂ ਜੋ ਇਹ ਪੈਸਾ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਖਰਚਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਕੰਪਨੀ ਨਿਗਮ ਦਾ ਪੈਸਾ ਦੇਣ ਤੋਂ ਮੁਨਕਰ ਹੁੰਦੀ ਹੈ, ਤਾਂ ਉਸ ਕੰਪਨੀ ਨੂੰ ਬਲੈਕਲਿਸਟ ਕੀਤਾ ਜਾਵੇ।