ਮੋਗਾ ਦੇ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਕੇ 40 ਫੀਸਦੀ ਤੱਕ ਕੀਤੀ ਪਾਣੀ ਦੀ ਬੱਚਤ

07/11/2019 3:37:52 PM

ਮੋਗਾ (ਗੋਪੀ ਰਾਊਕੇ)—ਰਿਵਾਇਤੀ ਕੱਦੂ ਕਰਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਮੋਗਾ ਦੇ ਤਲਵੰਡੀ ਭੁੰਗੇਰੀਆਂ ਪਿੰਡ ਦੇ ਇਕ ਪ੍ਰਗਤੀਸ਼ੀਲ ਕਿਸਾਨ ਬਲਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਪਾਣੀ ਦੀ ਘੱਟ ਤੋਂ ਘੱਟ 40 ਫੀਸਦੀ ਦੀ ਬਚਤ ਕੀਤੀ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਝੋਨੇ ਦਾ ਲਾਗਤ ਮੁੱਲ ਘੱਟਣ ਦੇ ਨਾਲ-ਨਾਲ ਪੈਦਾਵਾਰ ਵੀ ਵਧਦੀ ਹੈ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਬਲਦੇਵ ਸਿੰਘ ਕਿਸਾਨ ਦੇ ਖੇਤਾਂ ਦਾ ਦੌਰਾ ਕਰਕੇ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਦਾ ਜਾਇਜ਼ਾ ਲਿਆ ਅਤੇ ਬਲਦੇਵ ਸਿੰਘ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਵੀ ਕੀਤੀ। ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। 

PunjabKesari

ਬਲਦੇਵ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਨੇ ਦਸ ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋ ਕੀਤੀ ਜਿਸ ਵਿੱਚ ਕੁਝ ਮੁਸਕਿਲਾਂ ਵੀ ਆਈਆਂ। ਉਨ੍ਹਾਂ ਦੱਸਿਆ ਕਿ ਉਸ ਤੋ ਬਾਅਦ ਝੋਨੇ ਦੀ ਸਿੱਧੀ ਬਿਜਾਈ ਲਈ ਉਨ੍ਹਾਂ ਇੱਕ ਡਰਿੱਲ ਮਸ਼ੀਨ ਖਰੀਦ ਕੇ ਉਸ ਨਾਲ ਝੋਨੇ ਦੀ ਬਿਜਾਈ ਕੀਤੀ ਅਤੇ ਇਸ ਸਮੇਂ ਮੈਂ 25 ਏਕੜ ਤੋ ਵੱਧ ਜ਼ਮੀਨ ਤੇ ਸਿੱਧੀ ਬਿਜਾਈ ਨਾਲ ਝੋਨੇ ਦੀ ਪੈਦਾਵਾਰ ਕਰ ਰਿਹਾ ਹਾਂ, ਜਿਸ ਨਾਲ ਸਿਰਫ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ। 

PunjabKesari

ਖੇਤੀਬਾੜੀ ਅਫ਼ਸਰ ਜਸਵਿੰਦਰ ਬਰਾੜ ਨੇ ਡਿਪਟੀ ਕਮਿਸ਼ਨਰ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਕਿਸਾਨ ਹੈ ਜਿਸ ਨੇ ਟਿਊਬਵੈਲ 'ਤੇ ਪਾਣੀ ਦਾ ਮੀਟਰ ਲਗਾਇਆ ਹੈ ਤਾਂ ਕਿ ਇਸ ਤਕਨੀਕ ਨਾਲ ਇਹ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕੱਦੂ ਕਰਕੇ ਬੀਜੇ ਗਏ ਝੋਨੇ ਨੂੰ 4 ਤੋਂ 5 ਦਿਨਾਂ ਬਾਅਦ ਸਿੰਚਾਈ ਦੀ ਲੋੜ ਪੈਂਦੀ ਹੈ, ਉੱਥੇ ਹੀ ਸਿੱਧੀ ਬਿਜਾਈ ਨਾਲ ਝੋਨੇ ਨੂੰ 7 ਤੋਂ 10 ਦਿਨਾਂ ਬਾਅਦ ਪਾਣੀ ਦੇਣ ਦੀ ਜ਼ਰੂਰਤ ਪੈਦੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਵਾਰ ਬਲਦੇਵ ਸਿੰਘ ਨੇ ਹੋਰ ਕਿਸਾਨਾਂ ਦੇ 150 ਏਕੜ ਵਿੱਚ ਮੁਫ਼ਤ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤਾਂ ਕਿ ਉਹ ਕਿਸਾਨ ਵੀ ਇਹ ਤਕਨੀਕ ਨੂੰ ਅਪਣਾ ਕੇ ਪਾਣੀ ਦੀ ਬੱਚਤ ਕਰ ਸਕਣ।

PunjabKesari

ਡਿਪਟੀ ਕਮਿਸ਼ਨਰ ਨੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਨੂੰ ਲੋੜ ਅਨੁਸਾਰ ਨਵੀਆਂ ਤਕਨੀਕਾਂ ਅਪਣਾ ਕੇ ਘੱਟ ਤੋਂ ਘੱਟ ਪਾਣੀ ਦੇ ਕੇ ਫਸਲਾਂ ਦੀ ਕਾਸ਼ਤ ਕਰਨ। ਇਸ ਮੌਕੇ ਤੇ ਹਾਜ਼ਰ ਖੇਤੀਬਾੜੀ ਅਫਸਰ ਡਾ:ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਤਕਰੀਬਨ 400 ਏਕੜ ਰਕਬੇ ਵਿਚ ਝੋਨੇ ਦੀ ਮਸ਼ੀਨ ਨਾਲ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਬੀਜੇ ਗਏ ਹਨ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਦਰ ਦੀ ਜਲ ਸ਼ਕਤੀ ਅਭਿਆਨ ਦੀ ਟੀਮ ਨੇ ਬਲਦੇਵ ਸਿੰਘ ਦੇ ਖੇਤ ਦਾ ਦੌਰਾ ਕੀਤਾ ਸੀ ਅਤੇ ਪਾਣੀ ਬਚਾਉਣ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਸੀ।


Shyna

Content Editor

Related News