ਅੰਤਰਰਾਸ਼ਟਰੀ ਹੈਂਡੀਕੈਪ ਦਿਵਸ ਬਾਰੇ ਕੀਤਾ ਜਾਗਰੂਕ
Tuesday, Dec 04, 2018 - 09:33 AM (IST)

ਮੋਗਾ (ਗੋਪੀ ਰਾਊਕੇ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ’ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਭਾ ਆਯੋਜਿਤ ਕੀਤੀ ਗਈ, ਜਿਸ ਦੌਰਾਨ ਅੰਤਰਰਾਸ਼ਟਰੀ ਹੈਂਡੀਕੈਪ ਦਿਵਸ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ 3 ਦਸੰਬਰ ਨੂੰ ਸੰਯੁਕਤ ਰਾਸ਼ਟਰ ਸੰਘ ਦੁਆਰਾ ਵਿਸ਼ਵ ਅਪਾਹਜ਼ ਦਿਵਸ ਅੰਤਰਰਾਸ਼ਟਰੀ ਰੂਪ ਵਿਚ ਮਨਾਇਆ ਜਾਂਦਾ ਹੈ। 1992 ’ਚ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਦੀ ਘੋਸ਼ਣਾ ਕੀਤੀ ਗਈ, ਇਸਦਾ ਉਦੇਸ਼ ਸਮਾਜ ਅਤੇ ਵਿਕਾਸ ਦੇ ਸਾਰੇ ਖੇਤਰਾਂ ’ਚ ਅਪਾਹਿਜ ਵਿਅਕਤੀਆਂ ਦੇ ਅਧਿਕਾਰਾਂ ਤੇ ਭਲਾਈ ਨੂੰ ਵਧਾਉਣਾ ਹੈ ਅਤੇ ਰਾਜਨੀਤਕ, ਸਮਾਜਕ, ਆਰਥਿਕ ਅਤੇ ਸੱਭਿਆਚਾਰ ਜੀਵਨ ਦੇ ਹਰੇਕ ਪਹਿਲੂ ’ਚ ਅਪਾਹਜਤਾ ਵਾਲੇ ਵਿਅਕਤੀਆਂ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਅਪਾਹਜ ਵਿਅਕਤੀਆਂ ਲਈ ਨਿਯਮ ਤੇ ਨਿਯਮਾਂ ਨੂੰ ਠੀਕ ਢੰਗ ਲਾਗੂ ਕਰਨ ਲਈ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਦੇ ਉਤਸਵ ਨੂੰ ਇਕ ਅਸਰਦਾਰ ਥੀਮ ਦੀ ਜਰੂਰਤ ਹੈ। ਸਾਲ 2018 ਥੀਮ ਅਪਾਹਜ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਸ਼ਾਮਲਤਾ ਤੇ ਸਮਾਨਤਾ ਨੂੰ ਯਕੀਨੀ ਬਣਾਉਣਾ। ਉਨ੍ਹਾਂ ਦੱਸਿਆ ਕਿ ਅਪਾਹਜਾ ਸ਼ਬਦ ’ਚ ਕੇਵਲ ਸਰੀਰਕ ਜਾਂ ਮਾਨਸਿਕ ਅਪਾਹਜਤਾ ਹੀ ਸ਼ਾਮਲ ਨਹੀਂ ਹੈ ਬਲਕਿ ਇਸ ’ਚ ਡਾਊਨ ਸਿੰਡਰੋਮ ਮਲਟੀਪਲ ਸਕੇਲੇਰੋਸਿਮ ਵਰਗੇ ਰੋਸ ਵੀ ਸ਼ਾਮਲ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆਂ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਆਦਾਤਰ ਲੋਕ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਦੇ ਘਰ ਦੇ ਆਸ-ਪਾਸ ਕਿੰਨੇ ਕੁ ਲੋਕ ਅਪਾਹਜ਼ ਹਨ, ਸਮਾਜ ’ਚ ਉਨ੍ਹਾਂ ਨੂੰ ਬਰਾਬਰ ਦਾ ਅਧਿਕਾਰ ਮਿਲ ਰਹੇ ਹਨ ਕਿ ਨਹੀਂ, ਚੰਗੀ ਸਿਹਤ ਤੇ ਸਨਮਾਨ ਪਾਉਣ ਲਈ ਅਤੇ ਜੀਵਨ ’ਚ ਅੱਗੇ ਵੱਧਣ ਲਈ ਸਧਾਰਨ ਲੋਕਾਂ ਤੋਂ ਸਹਾਇਤਾ ਦੀ ਜਰੂਰਤ ਹੈ ਲੇਕਿਨ ਆਮ ਤੌਰ ’ਤੇ ਸਮਾਜ ’ਚ ਲੋਕ ਉਨ੍ਹਾਂ ਦੀਆਂ ਜਰੂਰਤਾਂ ਨੂੰ ਨਹੀਂ ਜਾਣਦੇ। ਅੰਕਡ਼ਿਆ ਅਨੁਸਾਰ ਪਾਇਆ ਗਿਆ ਕਿ ਲਗਭਗ ਪੂਰੀ ਦੁਨੀਆਂ ਦੇ 15 ਪ੍ਰਤੀਸ਼ਤ ਲੋਕ ਅਪਾਹਜ਼ ਹਨ। ਉਨ੍ਹਾਂ ਕਿਹਾ ਕਿ ਅਪਾਹਜਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਉਤਸਵ ਨੂੰ ਮਨਾਉਣਾ ਬਹੁਤ ਜਰੂਰੀ ਹੈ।