ਕਿੱਕ ਬਾਕਸਿੰਗ ’ਚ ਮਨਦੀਪ ਕੌਰ ਵੱਲੋਂ ਸਿਲਵਰ ਮੈਡਲ ਹਾਸਲ
Wednesday, Apr 17, 2019 - 04:11 AM (IST)

ਮੋਗਾ (ਰਾਜਵੀਰ)-ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਸੰਪੰਨ ਹੋਈਆਂ ਨੈਸ਼ਨਲ ਸਕੂਲ ਖੇਡਾਂ ’ਚ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਵੱਲੋਂ ਪੰਜਾਬ ਦੀ ਮੇਜ਼ਬਾਨੀ ਕੀਤੀ ਗਈ। ਇਨ੍ਹਾਂ ਖੇਡਾਂ ’ਚ ਮਾਰਸ਼ਲ ਆਰਟ ਦੀ ਖੇਡ ‘ਕਿੱਕ-ਬਾਕਸਿੰਗ’ ’ਚ 17 ਸਾਲਾ ਉਮਰ ਵਰਗ ’ਚ ਐੱਸ. ਐੱਮ. ਡੀ. ਵਰਲਡ ਸਕੂਲ ਕੋਟ ਸੁਖੀਆ ਦੀ ਖਿਡਾਰਨ ਮਨਦੀਪ ਕੌਰ ਸਪੁੱਤਰੀ ਮਲਕੀਤ ਸਿੰਘ ਵਾਸੀ ਪਿੰਡ ਮਾਹਲਾ ਖੁਰਦ ਨੇ ਆਪਣੇ ਮਾਰਸ਼ਲ ਆਰਟ ਦੇ ਕੋਚ ਜੁਗਲ ਕੁਮਾਰ ਦੀ ਅਗਵਾਈ ਹੇਠ ਖੇਡਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸੰਸਥਾ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਨੇ ਦੱਸਿਆ ਕਿ ਸਾਡੀ ਇਸ ਖਿਡਾਰਨ ਨੇ ਪੂਰੇ ਭਾਰਤ ’ਚੋਂ ਦੂਜਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਫਰੀਦਕੋਟ ਜ਼ਿਲੇ ਦੀ ਇਹ ਇਕੋ-ਇਕ ਖਿਡਾਰਨ ਹੈ, ਜੋ ਇਨ੍ਹਾਂ ਖੇਡਾਂ ’ਚ ਸਿਲਵਰ ਮੈਡਲ ਪ੍ਰਾਪਤ ਕਰਨ ’ਚ ਕਾਮਯਾਬ ਹੋਈ ਹੈ। ਸੰਸਥਾ ਵੱਲੋਂ ਇਸ ਖਿਡਾਰਨ ਦੇ ਪਿਤਾ ਮਲਕੀਤ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਜੇਤੂ ਖਿਡਾਰਨ ਨੂੰ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਮੈਡਮ ਬਲਜੀਤ ਕੌਰ, ਉੱਪ ਜ਼ਿਲਾ ਸਿੱਖਿਆ ਅਫਸਰ (ਸੈ. ਸਿ.ਤ) ਪਰਦੀਪ ਦਿਓਡ਼ਾ ਤੇ ਉਪ ਜ਼ਿਲਾ ਸਿੱਖਿਆ ਅਫਸਰ (ਐ.ਸਿ.) ਧਰਮਵੀਰ ਸਿੰਘ ਨੇ ਮੁਬਾਰਕਬਾਦ ਦਿੰਦੇ ਹੋਏ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਜਿੱਤ ਕੇ ਆਈ ਖਿਡਾਰਨ ਦੀ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਵੱਲੋਂ ਹੌਸਲਾ-ਅਫਜ਼ਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਕੋਚ ਜੁਗਲ ਕੁਮਾਰ, ਸਪੋਰਟਸ ਕੋਆਰਡੀਨੇਟਰ ਰਾਜ ਕੁਮਾਰ, ਕਬੱਡੀ ਕੋਚ ਰਾਮ ਸਿੰਘ, ਸਹਾਇਕ ਕੋਚ ਜਸਪਾਲ ਸਿੰਘ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਕਪੂਰ, ਪ੍ਰਿੰਸੀਪਲ ਮੈਡਮ ਮਨਜੀਤ ਕੌਰ, ਕੋਆਰਡੀਨੇਟਰ ਮੈਡਮ ਅਮਨਦੀਪ ਕੌਰ, ਮੈਡਮ ਰੇਣੂਕਾ, ਮੋਹਨ ਸਿੰਘ ਬਰਾਡ਼ ਹਾਜ਼ਰ ਸਨ।