ਮਗਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਵਲੋਂ ਮੀਟਿੰਗ

Saturday, Mar 09, 2019 - 09:37 AM (IST)

ਮਗਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਵਲੋਂ ਮੀਟਿੰਗ
ਮੋਗਾ (ਗੋਪੀ ਰਾਊਕੇ)-ਮਗਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 11 ਮਾਰਚ ਨੂੰ ਦਾਣਾ ਮੰਡੀ ਮੋਗਾ ਵਿਖੇ ਕੀਤੇ ਜਾ ਰਹੇ ਇਕੱਠ ਸਬੰਧੀ ਪਿੰਡ ਚੰਦ ਨਵਾਂ, ਦੌਲਤਪੁਰਾ ਉੱਚਾ, ਖੋਸਾ ਪਾਂਡੋ ਤੇ ਚੰਦ ਪੁਰਾਣਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਜਗਸੀਰ ਖੋਸਾ, ਕੁਲਦੀਪ ਭੋਲਾ, ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਤੇ ਸੰਤੋਖ ਸਿੰਘ ਚੰਦ ਪੁਰਾਣਾ ਨੇ ਕਿਹਾ ਕਿ ਅਧਿਕਾਰੀਆਂ ਤੇ ਸਿਆਸਤਦਾਨਾਂ ਨੇ ਨਰੇਗਾ ਨੂੰ ਅਣਗੌਲਿਆਂ ਕਰਨ ਦੀ ਨੀਤੀ ਅਪਣਾਈ ਹੋਈ ਹੈ। ਮਜ਼ਦੂਰਾਂ ਨੂੰ ਨਾ ਤਾਂ ਲੋਡ਼ ਅਨੁਸਾਰ ਮਗਨਰੇਗਾ ਕੰਮ ਦਿੱਤਾ ਜਾਂਦਾ ਹੈ ਤੇ ਨਾ ਹੀ ਵੇਲੇ ਸਿਰ ਕੀਤੇ ਗਏ ਕੰਮ ਦੇ ਪੈਸੇ ਮਿਲ ਰਹੇ ਹਨ। ਪੈਨਸ਼ਨਾਂ, ਸ਼ਗਨ ਸਕੀਮਾਂ ਅਤੇ ਹੋਰ ਸਹੂਲਤਾਂ ’ਚ ਖੱਜਲ-ਖੁਆਰੀ ਤੇ ਦੇਰੀ ਆਮ ਗੱਲ ਹੈ। ਉਪਰੋਂ ਬਿਜਲੀ ਦੇ ਬਿੱਲਾਂ ਨੇ ਲੋਕਾਂ ’ਤੇ ਵਾਧੂ ਬੋਝ ਪਾ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਪੇਂਡੂ ਮਜ਼ਦੂਰਾਂ ਲਈ ਮਗਨਰੇਗਾ ਹੀ ਸਭ ਤੋਂ ਵੱਡਾ ਸਹਾਰਾ ਹੈ, ਜਿਸ ਨਾਲ ਉਹ ਗੁਜ਼ਾਰਾ ਕਰਦੇ ਹਨ ਪਰ ਇਹ ਵੀ ਭ੍ਰਿਸ਼ਟ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਬਦਨੀਤੀ ਦੀ ਭੇਟ ਚਡ਼੍ਹ ਰਿਹਾ ਹੈ। ਮਜ਼ਦੂਰਾਂ ਨਾਲ ਹੋ ਰਹੇ ਇਸ ਧੱਕੇ ਵਿਰੁੱਧ 11 ਮਾਰਚ ਨੂੰ ਮੋਗਾ ਦਾਣਾ ਮੰਡੀ ਵਿਚ ਇਕੱਠ ਕਰ ਕੇ ਰੋਸ ਪ੍ਰਗਟਾਇਆ ਜਾਵੇਗਾ। ਇਸ ਮੌਕੇ ਮੰਗ ਕੀਤੀ ਜਾਵੇਗੀ ਕਿ ਮਗਨਰੇਗਾ ਕੰਮ ਮੰਗ ਅਨੁਸਾਰ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਕੀਤੇ ਗਏ ਕੰਮ ਦੇ ਰੁਪਏ ਕਾਨੂੰਨ ਮੁਤਾਬਕ ਹਫ਼ਤੇ ਅੰਦਰ ਦਿੱਤੇ ਜਾਣ। ਵਿਧਵਾ ਔਰਤਾਂ ਦੀਆਂ ਰੋਕੀਆਂ ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਮੌਕੇ ਮੁਕੰਦ ਸਿੰਘ ਦੌਲਤਪੁਰਾ, ਮੇਜਰ ਸਿੰਘ ਚੰਦ ਨਵਾਂ, ਚੰਦ ਸਿੰਘ, ਕਰਮਜੀਤ ਕੌਰ, ਕਰਨੈਲ ਸਿੰਘ, ਡਾ. ਓਂਕਾਰ ਸਿੰਘ ਆਦਿ ਹਾਜ਼ਰ ਸਨ।

Related News