ਛੋਟੇ ਕੱਪਡ਼ੇ ਪਾਉਣ ਨੂੰ ਹੀ ਔਰਤਾਂ ਆਜ਼ਾਦੀ ਨਾ ਸਮਝਣ : ਸੰਦੀਪ
Saturday, Mar 09, 2019 - 09:37 AM (IST)

ਮੋਗਾ (ਬਾਵਾ/ਜਗਸੀਰ)-ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਡਾ. ਚਰਨ ਸਿੰਘ ਅਤੇ ਚੇਅਰਮੈਨ ਯੋਗਿੰਦਰ ਸ਼ਰਮਾ ਦੀ ਅਗਵਾਈ ਹੇਠ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ’ਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਟਾਫ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੰਦੀਪ ਸ਼ਰਮਾ ਨੇ ਕਿਹਾ ਕਿ ਮਾਰਚ ਮਹੀਨਾ ਔਰਤਾਂ ਲਈ ਖਾਸ ਮਹੱਤਤਾ ਰੱਖਦਾ ਹੈ ਕਿਉਕਿ 8 ਮਾਰਚ ਦਾ ਦਿਨ ਪੂਰੇ ਵਿਸ਼ਵ ’ਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ’ਚ ਔਰਤ ਦਿਵਸ ਮਨਾਉਣ ਦਾ ਮੁੱਖ ਮਕਸਦ ਇਹ ਸੀ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਤਾਂ ਜੋ ਉਹ ਆਪਣੇ ਪੈਰਾਂ ’ਤੇ ਖਡ਼ੀ ਹੋ ਸਕੇ। ਉਨ੍ਹਾਂ ਕਿਹਾ ਕਿ ਔਰਤ ਨੇ ਆਪਣੇ ਆਜ਼ਾਦੀ ਦੇ ਅਰਥ ਬਦਲ ਲਏ ਹਨ ਉਹ ਸੋਹਣਾ ਦਿਸਣ ਲਈ ਛੋਟੇ-ਛੋਟੇ ਕੱਪਡ਼ੇ ਪਾਉਣ ਨੂੰ ਹੀ ਆਜ਼ਾਦੀ ਸਮਝਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਘੁੱਡ ਗੁਲਾਮੀ ਦੀ ਨਿਸ਼ਾਨੀ ਹੈ ਪਰ ਸਿਰ ਤੋਂ ਚੁੱਨੀ ਲਾਹੁਣੀ ਆਜ਼ਾਦੀ ਦੀ ਨਿਸ਼ਾਨੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਔਰਤ ਸਚਮੁੱਚ ਹੀ ਆਪਣੇ ਪੈਰਾਂ ਹੇਠ ਖਡ਼ੋ ਕੇ ਮਰਦ ਸਮਾਜ ’ਚ ਪਹਿਚਾਣ ਕਾਇਮ ਕਰਨੀ ਹੈ ਤਾਂ ਉਸਨੂੰ ਆਪਣੇ ਸ਼ਰਮ ਰੂਪੀ ਵਿਰਸੇ ਦੀ ਸੰਭਾਲ ਰੱਖਣੀ ਪਵੇਗੀ। ਫੈਸ਼ਨ ਦੀ ਆਜ਼ਾਦੀ ਔਰਤ ਨੂੰ ਆਜ਼ਾਦ ਫਿਜ਼ਾ ’ਚ ਸਾਹ ਨਹੀਂ ਲੈਣ ਦੇਵੇਗੀ।