ਨਵੀਂਆਂ ਪੰਚਾਇਤਾਂ ਨੂੰ ਸਿਹਤ ਵਿਭਾਗ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਦਿੱਤੀ ਜਾਣਕਾਰੀ

Saturday, Mar 02, 2019 - 03:56 AM (IST)

ਨਵੀਂਆਂ ਪੰਚਾਇਤਾਂ ਨੂੰ ਸਿਹਤ ਵਿਭਾਗ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਮੋਗਾ (ਸੰਦੀਪ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਗਾ ਵੱਲੋਂ ਏ. ਡੀ. ਸੀ. ਵਿਕਾਸ ਰਾਜਿੰਦਰ ਬੱਤਰਾ ਦੀ ਅਗਵਾਈ ’ਚ ਨਵੀਂਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ 6 ਬੈਚਾਂ ’ਚ ਸਿਖਲਾਈ ਦਿੱਤੀ ਗਈ, ਜਿਸ ’ਚ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋਡ਼ਾ ਅਤੇ ਜ਼ਿਲਾ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਨਵੀਂਆਂ ਪੰਚਾਇਤਾਂ ਨੂੰ ਸਿਹਤ ਵਿਭਾਗ ਦੀਆਂ ਲੋਕ ਪੱਖੀ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਸੇਵਾਵਾਂ ਦੀ ਸ਼ੁਰੂਆਤ ਇਕ ਇਨਸਾਨ ਦੇ ਦੁਨੀਆਂ ’ਚ ਆਉਣ ਤੋਂ ਛੇ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਜਦ ਇਕ ਗਰਭਵਤੀ ਮਾਂ ਦਾ ਟੀਕਾਕਰਨ ਕਾਰਡ ਬਣਾ ਦੇ ਉਸ ਨੂੰ ਟੀ. ਟੀ. ਦੇ ਦੋ ਟੀਕੇ ਲਾਏ ਜਾਂਦੇ ਹਨ, ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਤੇ ਜਨਮ ਤੋਂ ਬਾਅਦ ਬੱਚੇ ਦਾ ਟੀਕਾਕਰਨ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਮਾਂ ਨੂੰ ਡਲਿਵਰੀ ਤੋਂ 40 ਦਿਨ ਬਾਅਦ ਵੀ ਜਣੇਪੇ ਸਬੰਧੀ ਜਾਂ ਬੱਚੇ ਨੂੰ ਇਕ ਸਾਲ ਤੱਕ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਸਰਕਾਰੀ ਹਸਪਤਾਲਾਂ ’ਚ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਸਰਕਾਰੀ ਹਸਪਤਾਲਾਂ ’ਚ 80 ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਟੀ. ਬੀ., ਕਾਲਾ ਪੀਲੀਆ, ਐੱਚ. ਆਈ. ਵੀ., ਸਵਾਈਨ ਫਲੂ, ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡਾਂ ਦੀ ਮਿਆਦ 30 ਮਈ ਤੱਕ ਵਧਾ ਦਿੱਤੀ ਗਈ ਹੈ ਤੇ ਇਕ ਜੂਨ ਤੋਂ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਕਿਸੇ ਵੀ ਐਕਸੀਡੈਂਟਲ ਮਰੀਜ਼ ਨੂੰ ਪਹਿਲੇ 24 ਘੰਟੇ ਮੁਫਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਆਂਗਣਵਾਡ਼ੀ ਕੇਂਦਰਾਂ, ਸਰਕਾਰੀ ਸਕੂਲਾਂ ’ਚ ਪਡ਼੍ਹਦੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ 30 ਬੀਮਾਰੀਆਂ ਦਾ ਮੁਫਤ ਇਲਾਜ ਦਿੱਤਾ ਜਾ ਰਿਹਾ ਹੈ ਅਤੇ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਓ. ਐੱਸ. ਟੀ. ਅਤੇ ਓਟ ਸੈਂਟਰਾਂ ਰਾਹੀਂ ਮੁਫਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬੀ. ਡੀ. ਪੀ. ਓ. ਜਸਵੰਤ ਸਿੰਘ, ਪੰਚਾਇਤ ਅਫਸਰ ਪਰਮਜੀਤ ਸਿੰਘ, ਰਿਸੋਰਸ ਪਰਸਨ ਮੈਡਮ ਹਰਪ੍ਰੀਤ ਕੌਰ, ਮੈਡਮ ਰਮਨਦੀਪ ਕੌਰ ਅਤੇ ਪ੍ਰੀਤਮ ਸਿੰਘ ਰਤਨ ਪਟਵਾਰੀ ਆਦਿ ਹਾਜ਼ਰ ਸਨ।

Related News