ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

Friday, Mar 01, 2019 - 03:52 AM (IST)

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
ਮੋਗਾ (ਸਤੀਸ਼)-ਅੱਜ ਸਥਾਨਕ ਹਲਕੇ ਦੇ ਪਿੰਡ ਢੋਲੇਵਾਲਾ ਵਿਖੇ ਸਰਕਾਰੀ ਸਕੂਲ ਲਾਗੇ ਪਿੰਡ ਵਾਸੀਆਂ ਅਤੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦੇ ਕਾਰਜ ਸਿੰਘ ਸਰਪੰਚ ਢੋਲੇਵਾਲਾ, ਅਨੂਪ ਸਿੰਘ ਸਰਪੰਚ ਢੋਲਿਆ ਲੱਖ ਖੁਰਦ, ਬਲਦੇਵ ਸਿੰਘ ਸਾਬਕਾ ਸਰਪੰਚ, ਝਿਰਮਲ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਡਾ ਸਾਹਿਬ ਸਿੰਘ, ਜਸਮੇਲ ਸਿੰਘ ਪੰਚ, ਰਮਨ ਸਿੰਘ ਸਰਪੰਚ ਕੰਨੀਆਂ, ਜਗਜੀਤ ਸਿੰਘ ਸਰਪੰਚ ਸ਼ੇਰਪੁਰ ਖੁਰਦ ਆਦਿ ਨੇ ਦੱਸਿਆ ਕਿ ਉਕਤ ਰੇਤਾ ਦੀ ਖੱਡ ਜੋ ਕਿ ਜਲੰਧਰ ਜ਼ਿਲੇ ’ਚ ਚੱਲਦੀ ਹੈ।ਠੇਕੇਦਾਰਾਂ ਕੋਲ ਇੱਥੇ ਗੱਡੀਆਂ ਚਲਾਉਣ ਦਾ ਕੋਈ ਰੂਟ ਪਲਾਨ ਨਹੀਂ ਹੈ।ਜਦੋਂ ਕਿ ਕਮਾਈ ਤਾਂ ਜਲੰਧਰ ਜ਼ਿਲੇ ’ਚ ਹੁੰਦੀ ਹੈ ਤੇ ਸਡ਼ਕਾਂ ਮੋਗਾ ਜ਼ਿਲੇ ਦੀਆਂ ਟੁੱਟ ਰਹੀਆਂ ਹਨ।ਇਸ ਸਡ਼ਕ ਉੱਪਰ ਦੋ ਸਕੂਲ ਸ਼ੇਰਪੁਰ ਦਾ ਸਕੂਲ ਤੋਂ ਇਲਾਵਾ ਪਿੰਡਾਂ ਦੀ ਵੱਡੀ ਪੱਧਰ ’ਤੇ ਆਵਾਜਾਈ ਹੈ। ਟਿੱਪਰ ਅਤੇ ਟਰਾਲੇ ਇਸ ਸਡ਼ਕ ਤੋਂ ਲੰਘਣ ਕਾਰਨ ਸਡ਼ਕ ’ਚ ਜੋ ਕਿ ਬਣੀ ਨੂੰ ਅਜੇ ਕੁਝ ਸਮਾਂ ਹੀ ਹੋਇਆ ਹੈ, ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ ਅਤੇ ਸਡ਼ਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਸ ਸਡ਼ਕ ਉੱਪਰ ਦੀ ਰੇਤਾ ਨਾਲ ਲੱਦੇ ਟਿੱਪਰ ਅਤੇ ਟਰਾਲੇ ਨਹੀਂ ਲੰਘਣ ਦਿਆਂਗੇ ਕਿਉਂਕਿ ਇਹ ਓਵਰਲੋਡ ਵਾਹਨ ਪਿੰਡਾਂ ਦੀਆਂ ਸਡ਼ਕਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਅਤੇ ਇਨ੍ਹਾਂ ਨਾਲ ਸਕੂਲਾਂ ’ਚ ਪਡ਼੍ਹਦੇ ਬੱਚੇ ਜੋ ਕਿ ਛੁੱਟੀ ਸਮੇਂ ਸਕੂਲ ਤੋਂ ਪੈਦਲ ਆਪਣੇ ਘਰ ਨੂੰ ਜਾਂਦੇ ਹਨ, ਉਨ੍ਹਾਂ ਦੀ ਵੀ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੱਲ ਫੌਰੀ ਧਿਆਨ ਦਿੱਤਾ ਜਾਵੇ ਅਤੇ ਨਾਜਾਇਜ਼ ਤੌਰ ’ਤੇ ਲੰਘ ਰਹੇ ਰੇਤਾ ਨਾਲ ਭਰੇ ਵਾਹਨ ਬੰਦ ਕੀਤੇ ਜਾਣ। ਉਕਤ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ, ਪੰਜਾਬ ਹਰਿਆਣਾ ਹਾਈਕੋਰਟ, ਰਾਜਪਾਲ ਪੰਜਾਬ, ਕਮਿਸ਼ਨਰ ਫਿਰੋਜ਼ਪੁਰ, ਡਿਪਟੀ ਕਮਿਸ਼ਨਰ ਮੋਗਾ ਨੂੰ ਵੀ ਲਿਖਤੀ ਤੌਰ ’ਤੇ ਸੂਚਿਤ ਕਰਨਗੇ।

Related News