ਵਿਦਿਆਰਥੀਆਂ ਨੇ ਕੀਤੀਆਂ ਅਮਨ ਦੀਆਂ ਦੁਆਵਾਂ
Friday, Mar 01, 2019 - 03:51 AM (IST)

ਮੋਗਾ (ਜਗਸੀਰ, ਬਾਵਾ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਬੇਹੱਦ ਤਲਖੀ ਵਾਲੇ ਮਾਹੌਲ ਦੇ ਮੱਦੇਨਜ਼ਰ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ। ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥਾਂ ਵਿਚ ਮਾਟੋ ਫਡ਼ ਕੇ ਅਮਨ-ਸ਼ਾਂਤੀ ਦਾ ਪੈਗਾਮ ਦਿੱਤਾ। ‘‘ਅਮਨ-ਸ਼ਾਂਤੀ ਵਿਕਾਸ ਦਾ ਰਾਹ, ਜੰਗ-ਯੁੱਧ ਕਰਨ ਤਬਾਹ’’ ਵਰਗੇ ਭਾਵਪੂਰਤ ਸੁਨੇਹਿਆਂ ਵਾਲੇ ਮਾਟੋ ਹੱਥਾਂ ’ਚ ਲੈ ਕੇ ਵਿਦਿਆਰਥੀਆਂ ਨੇ ਚੇਤਨਾ ਰੈਲੀ ਵੀ ਕੀਤੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਅਜੌਕਾ ਵਿਸ਼ਵ ਇਕ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹ ਮੰਨੀ ਹੋਈ ਸੱਚਾਈ ਹੈ ਕਿ ਸਾਰੇ ਮੁਲਕਾਂ ਦੀ ਆਪਸੀ ਨਿਰਭਰਤਾ ਹੋਣ ਕਾਰਨ ਸੁਖਾਵੇਂ ਮਾਹੌਲ ਵਿਚ ਹੀ ਤਰੱਕੀ ਹੋ ਸਕਦੀ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਬਲਕਿ ਮਿਲ ਬੈਠ ਕੇ ਹੀ ਮਸਲੇ ਸੁਲਝਾਉਣੇ ਚਾਹੀਦੇ ਹਨ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੋਵੇਂ ਗੁਆਂਢੀ ਦੇਸ਼ਾਂ ਵਿਚ ਤਣਾਅ ਦੋਨਾਂ ਮੁਲਕਾਂ ਦੇ ਵਿਕਾਸ ਲਈ ਘਾਤਕ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਦੇਸ਼ਾਂ ਦੇ ਹਾਕਮਾਂ ਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ, ਵਿਕਾਸ ਸਿੰਗਲਾ, ਮੀਨਾ ਜੈਨ, ਕੁਲਦੀਪ ਸਿੰਘ, ਨਰਿੰਦਰ ਕੌਰ, ਸੁਨਿਧੀ ਮਿੱਤਲ, ਜਸਦੀਪ ਸਿੰਘ, ਸਵੀਨੂੰ ਸਿੰਗਲਾ, ਕੋਮਲ ਰਾਣੀ, ਰਮਨਦੀਪ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।