ਬਿਜਲੀ ਦੇ ਬੇਤਹਾਸ਼ਾ ਬਿੱਲਾਂ ਨੇ ਆਮ ਲੋਕਾਂ ਦੇ ਸਾਹ ਸੂਤੇ : ਬਾਵਾ
Tuesday, Feb 26, 2019 - 03:47 AM (IST)

ਮੋਗਾ (ਆਜ਼ਾਦ)-ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਅਤੇ ਮੱਧ ਵਰਗ ਦੁਖੀ ਹੈ। ਪੈਸੇ ਦੀ ਕਮੀ ਕਾਰਨ ਹਰ ਇਕ ਮਿਹਨਤ ਮਜ਼ਦੂਰੀ ਕਰਨ ਵਾਲਾ ਵਿਅਕਤੀ ਮਹਿੰਗਾਈ ਦੀ ਮਾਰ ਤਾਂ ਝੱਲ ਹੀ ਰਿਹਾ ਹੈ ਸਗੋਂ ਜੀਵਨ ਦੀ ਅਤਿ ਲੋਡ਼ ਵਾਲੀ ਸਹੂਲਤ ਭਾਵ ਬਿਜਲੀ ਦੀ ਵਰਤੋਂ ਤੋਂ ਵੀ ਵਾਂਝਾ ਹੁੰਦਾ ਜਾਪਦਾ ਹੈ। ਬਿਜਲੀ ਦੇ ਬੇਤਹਾਸ਼ਾ ਬਿੱਲਾਂ ਨੇ ਆਮ ਲੋਕਾਂ ਦੇ ਸਾਹ ਸੂਤੇ ਪਏ ਹਨ। ਬਿਜਲੀ ਬੋਰਡ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬਿਜਲੀ ਦਾ ਬਿੱਲ ਭਰਨਾ ਹਰ ਇਕ ਉਪਭੋਗਤਾ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਇਸ ਸਮੱਸਿਆ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਵੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿਚ ਆਮ ਆਦਮੀ ਪਾਰਟੀ ਦੇ ਵਾਲੰਟੀਅਰਜ਼ ਨੇ ਜਦੋਂ ਲੋਕਾਂ ਨਾਲ ਰਾਬਤਾ ਪੈਦਾ ਕੀਤਾ ਤਾਂ ਪਤਾ ਲੱਗਾ ਕਿ ਸੂਬੇ ਦੇ ਉਹ ਦਿਹਾਡ਼ੀਦਾਰ ਲੋਕ ਜਿਨ੍ਹਾਂ ਦੀ ਮਹੀਨਾ ਪ੍ਰ੍ਰਤੀ ਆਮਦਨ 3-4 ਹਜ਼ਾਰ ਰੁਪਏ ਹੈ ਪਰ ਉਨ੍ਹਾਂ ਦਾ ਬਿਜਲੀ ਦਾ ਬਿੱਲ 10,000 ਰੁਪਏ ਤੋਂ ਵੱਧ ਆ ਰਿਹਾ ਹੈ। ਛੋਟੇ ਕਿਸਾਨ ਅਤੇ ਦੁਕਾਨਦਾਰ ਵੀ ਬਿਜਲੀ ਦੇ ਵਧੇ ਬਿੱਲਾਂ ਕਾਰਨ ਪ੍ਰੇਸ਼ਾਨ ਹਨ। ਕਿਸਾਨਾਂ ਲਈ ਇਹ ਬਿੱਲ ਬਲਦੀ ’ਤੇ ਅੱਗ ਦਾ ਕੰਮ ਕਰ ਰਹੇ ਹਨ। ਇਕ ਤਾਂ ਲੋਕ ਕਰਜ਼ੇ ਦੇ ਮਾਰੇ ਹੋਏ ਹਨ ਦੂਸਰੇ ਪਾਸੇ ਬਿਜਲੀ ਮੁਲਾਜ਼ਮ ਪਲਾਸ ਲੈ ਕੇ ਕੁਨੈਕਸ਼ਨ ਕੱਟਣ ਲਈ ਘਰ ਅੱਗੇ ਗੇਡ਼ੇ ਮਾਰਦੇ ਹਨ। ਅਜੀਬ ਗੱਲ ਹੈ ਕਿ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ ਫਿਰ ਵੀ ਪਰ ਯੂਨਿਟ 8 ਰੁਪੲੇ ਬਿਜਲੀ ਦਾ ਰੇਟ ਲਾ ਰਿਹਾ ਹੈ, ਜਦਕਿ ਦਿੱਲੀ ਵਰਗੇ ਸੂਬੇ ਜੋ ਦੂਸਰੇ ਸੂਬਿਆਂ ਤੋਂ ਬਿਜਲੀ ਖਰੀਦ ਰਹੇ ਹਨ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਲੋਕਾਂ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਵਾਸੀਆਂ ਨੂੰ ਇਨ੍ਹਾਂ ਮੁੱਦੇ ’ਤੇ ਜਾਣਕਾਰੀ ਦੇਣ ਲਈ ਪਿੰਡ-ਪਿੰਡ ਸ਼ਿਰਕਤ ਕੀਤੀ ਹੈ, ਜੇਕਰ ਸਰਕਾਰ ਦੇ ਕੰਨਾਂ ’ਤੇ ਫਿਰ ਵੀ ਜੂੰਅ ਨਾ ਸਰਕੀ ਤਾਂ ਆਮ ਆਦਮੀ ਪਾਰਟੀ ਨੂੰ ਮਜਬੂਰ ਹੋ ਕੇ ਵੱਡੇ ਅੰਦੋਲਨ ਦੀ ਰੂਪ-ਰੇਖਾ ਤਿਆਰ ਕਰਨੀ ਪਵੇਗੀ।