‘ਆਯੁਸ਼ਮਾਨ ਭਾਰਤ’ ਸਕੀਮ ਬਾਰੇ ਕੀਤਾ ਜਾਗਰੂਕ
Tuesday, Feb 26, 2019 - 03:47 AM (IST)

ਮੋਗਾ (ਬੱਬੀ)- ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਮੋਗਾ ਦੇ ਸਹਿਯੋਗ ਨਾਲ ਨਗਿੰਦਰ ਕਲਾ ਮੰਚ ਫਰੀਦਕੋਟ ਦੀ ਟੀਮ ਵੱਲੋਂ ਫਿਲਮੀ ਐਕਟਰ ਨਗਿੰਦਰ ਰੱਖ਼ਡ਼ ਦੀ ਅਗਵਾਈ ’ਚ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਬੱਧਨੀ ਕਲਾਂ ਅਤੇ ਰਾਊਕੇ ਕਲਾਂ ਆਦਿ ਪਿੰਡਾਂ ’ਚ ਨਾਟਕ ‘ਜਾਗਦੇ ਰਹੋ’ ਖੇਡਿਆ ਗਿਆ, ਇਸ ਨਾਟਕ ਦੌਰਾਨ ਕਲਾਕਾਰਾਂ ਨੇ ਭਾਰਤ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਸਕੀਮ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਇਲਾਜ ਲਈ ਪੰਜ ਲੱਖ ਦੇ ਕੀਤੇ ਜਾ ਰਹੇ ਮੁਫਤ ਫੈਮਿਲੀ ਬੀਮੇ ਵਾਰੇ ਜਾਗਰੂਕ ਕੀਤਾ ਤੇ ਨਾਲ ਇਹ ਵੀ ਦੱਸਿਆ ਕਿ ਸਿਰਫ ਆਧਾਰ ਕਾਰਡ ਨੰਬਰ ਦੱਸਣ ਨਾਲ ਹੀ ਪੂਰੇ ਦੇਸ਼ ’ਚ ਕਿਸੇ ਵੀ ਸਰਕਾਰੀ ਹਸਪਤਾਲ ਅੰਦਰ ਇਸ ਸਕੀਮ ਤਹਿਤ ਪੰਜ ਲੱਖ ਤੱਕ ਦਾ ਇਲਾਜ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਮੁਫਤ ਕਰਵਾਇਆ ਜਾ ਸਕਦਾ ਹੈ। ਨਾਟਕ ਦੌਰਾਨ ਲੋਕਾਂ ਨੂੰ ਹੋਰ ਸਕੀਮਾਂ ਬਾਰੇ ਦੱਸਿਆ ਗਿਆ। ਇਸ ਸਮੇਂ ਨਗਿੰਦਰ ਕਲਾ ਮੰਚ ਦੀ ਟੀਮ ਵੱਲੋਂ ‘ਬੇਟੀ ਬਚਾਓ ਤੇ ਬੇਟੀ ਪਡ਼੍ਹਾਓ’ ਸਬੰਧੀ ਹਾਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਨਾਟਕ ’ਚ ਫਿਲਮੀ ਐਕਟਰ ਨਗਿੰਦਰ ਰੱਖ਼ਡ਼ ਤੋਂ ਇਲਾਵਾ ਸੁਰਿੰਦਰ ਸਿੰਘ ਅਰਮਾਨ, ਪਰਮਜੀਤ ਕੌਰ, ਹਰਜਿੰਦਰ ਸਿੰਘ ਵਿਸ਼ਾਲ, ਦਵਿੰਦਰ ਦੀਕਸ਼ਤ, ਗੌਰਵ, ਹਰਮਨ, ਭਰਤ, ਜੱਸਕੀਰਤ ਆਦਿ ਕਲਾਕਾਰਾਂ ਵੱਲੋਂ ਭਾਗ ਲਿਆ ਗਿਆ, ਇਸ ਸਮੇਂ ਕੌਂਸਲਰ ਮਨਜੀਤ ਕੌਰ, ਸਿਹਤ ਵਿਭਾਗ ਵੱਲੋਂ ਮੈਡਮ ਸੰਦੀਪ ਕੌਰ, ਅੰਗਰੇਜ਼ ਸਿੰਘ, ਆਸ਼ਾ ਵਰਕਰ ਵੀਰਪਾਲ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।