ਸਸਤੀ ਬਿਜਲੀ ਮੁੱਹਈਆ ਕਰਵਾਉਣ ਲਈ ‘ਆਪ’ ਆਪਣਾ ਸੰਘਰਸ਼ ਜਾਰੀ ਰੱਖੇਗੀ : ਸਾਧੂ ਸਿੰਘ

Friday, Feb 15, 2019 - 03:12 AM (IST)

ਸਸਤੀ ਬਿਜਲੀ ਮੁੱਹਈਆ ਕਰਵਾਉਣ ਲਈ ‘ਆਪ’ ਆਪਣਾ ਸੰਘਰਸ਼ ਜਾਰੀ ਰੱਖੇਗੀ : ਸਾਧੂ ਸਿੰਘ
ਮੋਗਾ (ਸਤੀਸ਼)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਅੱਜ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਰੀਦਕੋਟ ਵਲੋ ਧਰਮਕੋਟ ਸ਼ਹਿਰ ਅੰਦਰ ਲੋਕਾਂ ਦੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪ੍ਰੋ. ਸਾਧੂ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਇਕ ਬਿਜਲੀ ਸਰਪਲਸ ਸੂਬਾ ਹੈ ਪਰ ਇਥੋਂ ਦੇ ਲੋਕਾਂ ਨੂੰ ਸੂਬਾ ਸਰਕਾਰ ਵਲੋਂ ਮਹਿੰਗੀਆਂ ਦਰਾਂ ਤੇ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ 50-50 ਹਜ਼ਾਰ ਤੋ ਉਪੱਰ ਦੇ ਬਿਜਲੀ ਬਿੱਲ ਆ ਰਹੇ ਹਨ। ਜਿਸ ਨਾਲ ਲੋਕਾਂ ਦਾ ਕੰਚੂਬਰ ਕੱਢਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਦਿੱਲੀ ਵਿਚ ਸਾਡੀ ਸਰਕਾਰ ਹੈ ਅਤੇ ਉਥੇ ਬਿਜਲੀ ਪ੍ਰਾਈਵੇਟ ਕੰਪਨੀਆਂ ਤੋਂ ਮੁੱਲ ਲੈ ਕੇ ਵੀ ਸਾਡੀ ਸਰਕਾਰ 1 ਰੁਪਏ ਯੂਨਿਟ ਦੇ ਰਹੀ ਹੈ। ਪਰ ਪੰਜਾਬ ਅੰਦਰ ਲੋਕਾਂ ਤੋ ਲੱਖਾਂ ਕਰੋਡ਼ਾਂ ਰੁਪਏ ਬਿਜਲੀ ਦਰਾਂ ਤਹਿਤ ਨਜਾਇਜ਼ ਵਸੂਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਇਸ ਸਰਕਾਰ ਖਿਲਾਫ ਬਿਜਲੀ ਅੰਦੋਲਨ ਲੋਕਾਂ ਦੀਆ ਬਰੂਹਾਂ ਤੇ ਲੈ ਜਾਵੇਗੀ ਅਤੇ ਵਿਰੋਧੀ ਧਿਰ ਹੋਣ ਕਾਰਨ ਵਿਧਾਨ ਸਭਾ ਵਿਚ ਵੀ ਇਸ ਸਬੰਧੀ ਮੁੱਦਾ ਚੁੱਕਿਆ ਜਾਵੇਗਾ ਅਤੇ ਮੁੱਖ ਮੰਤਰੀ ਦੇ ਟੇਬਲ ਤੇ ਬੈਠ ਕੇ ਉਸ ਨਾਲ ਇਸ ਮੁੱਦੇ ਦੇ ਗੱਲ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਸਤੀ ਬਿਜਲੀ ਮੁੱਹਈਆ ਕਰਵਾਉਣ ਲਈ ਆਮ ਆਦਮੀ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਉਨਾਂ ਨਾਲ ਸੰਜੀਵ ਕੋਛਡ਼ ਆਪ ਆਗੂ, ਜਸਦੀਪ ਸਿੰਘ ਗੈਰੀ ਜ਼ਿਲਾ ਪ੍ਰਧਾਨ ਯੂਥ ਆਪ, ਪਵਨ ਕੁਮਾਰ ਰੇਲੀਆ, ਮਨਪ੍ਰੀਤ ਸਿੰਘ ਕੰਨੀਆ, ਰਣਜੀਤ ਨੋਨੀ, ਚਮਕੌਰ ਸਿੰਘ, ਭੋਲਾ ਸਿੰਘ, ਬਗੀਚਾ ਸਿੰਘ ਤੇ ਹੋਰ ਹਾਜ਼ਰ ਸਨ।

Related News