ਬੈਂਕਾਂ ਤੋਂ ਖਾਲੀ ਚੈੱਕ ਵਾਪਸ ਲੈਣ ਲਈ ਕਿਸਾਨ 18 ਨੂੰ ਲੀਡ ਬੈਂਕ ਲੁਧਿਆਣਾ ਅੱਗੇ ਦੇਣਗੇ ਧਰਨਾ
Wednesday, Feb 13, 2019 - 04:16 AM (IST)

ਮੋਗਾ (ਬਾਵਾ/ਜਗਸੀਰ)-ਕਰਜ਼ਾਈ ਕਿਸਾਨਾਂ ਲਈ ਗਲ਼ ਫਾਹਾ ਬਣੇ ਖਾਲੀ ਚੈੱਕ ਬੈਂਕਾਂ/ਸੂਦਖੋਰਾਂ ਤੋਂ ਵਾਪਸ ਲੈਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਲੀਡ ਬੈਂਕ ਲੁਧਿਆਣਾ ਅੱਗੇ 18 ਫਰਵਰੀ ਤੋਂ ਅਣਮਿੱਥੇ ਸਮੇਂ ਦਾ ਦਿਨ-ਰਾਤ ਦਾ ਪੱਕਾ ਧਰਨਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲਾ ਪ੍ਰੈੱਸ ਸਕੱਤਰ ਸੌਦਾਗਰ ਸਿੰਘ ਖਾਈ ਦੀ ਅਗਵਾਈ ’ਚ ਵੱਖ-ਵੱਖ ਪਿੰਡਾਂ ਦੀਨਾ, ਪੱਖਰਵੱਢ, ਖਾਈ, ਮੀਨੀਆ, ਬੌਡੇ, ਤਖਤੂਪੁਰਾ, ਰਣਸੀਂਹ ਖੁਰਦ, ਨੰਗਲ, ਪੱਤੋ, ਕੁੱਸਾ, ਰੌਂਤਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲਾ ਪ੍ਰੈੱਸ ਸਕੱਤਰ ਸੌਦਾਗਰ ਸਿੰਘ ਖਾਈ, ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਨੂੰ ਕਰਜ਼ਾ ਦੇਣ ਸਮੇਂ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਬੈਂਕਾਂ ਤੇ ਸੂਦਖੋਰ ਆਡ਼੍ਹਤੀਆਂ ਵੱਲੋਂ ਜ਼ਮੀਨ ਗਹਿਣੇ ਤੋਂ ਇਲਾਵਾ ਦਸਤਖ਼ਤਾਂ ਵਾਲੇ ਖਾਲੀ ਚੈੱਕ ਤੇ ਪ੍ਰਨੋਟ ਵੀ ਗੈਰਕਾਨੂੰਨੀ ਤੌਰ ’ਤੇ ਰੱਖ ਲਏ ਜਾਂਦੇ ਹਨ। ਫਿਰ ਇਹ ਚੈੱਕ ਆਪ ਭਰ ਕੇ ਬੈੱਕਾਂ ’ਚੋਂ ਬਾਊਂਸ ਕਰਵਾ ਲਏ ਜਾਂਦੇ ਹਨ ਅਤੇ 420 ਦੇ ਕੇਸ ਬਣਾ ਕੇ ਕਿਸਾਨਾਂ ਨੂੰ ਜੇਲਾਂ ’ਚ ਡੱਕਿਆ ਜਾਂਦਾ ਹੈ, ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ। ਵੋਟਾਂ ਵੇਲੇ ਹਰ ਕਿਸਮ ਦੇ ਕਰਜ਼ੇ ਮੁਆਫ਼ ਕਰਨ ਦੀਆਂ ਝੂਠੀਆਂ ਸਹੁੰਆਂ ਖਾ ਕੇ ਹੁਣ ਕੈਪਟਨ ਸਰਕਾਰ ਕਿਸਾਨਾਂ ਨੂੰ ਜੇਲਾਂ ’ਚ ਡੱਕ ਰਹੀ ਹੈ, ਖੁਦਕੁਸ਼ੀਆਂ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਅਧਿਆਪਕਾਂ ’ਤੇ ਪੁਲਸ ਲਾਠੀਚਾਰਜ ਦੀ ਵੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਇਸ ਸਮੇਂ ਘੁੱਕੂ ਸਿੰਘ, ਪੋਲਾ ਸਿੰਘ, ਬੂਟਾ ਸਿੰਘ ਖਾਈ, ਗੁਰਸੇਵਕ ਸਿੰਘ ਪ੍ਰਧਾਨ ਦੀਨਾ, ਗੁਰਲਾਲ ਸਿੰਘ, ਜਗਤਾਰ ਸਿੰਘ ਪੱਖਰਵੱਢ ਆਦਿ ਹਾਜ਼ਰ ਸਨ।