ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨੇ ਸਬੰਧੀ ਮੀਟਿੰਗ

Thursday, Feb 07, 2019 - 04:27 AM (IST)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨੇ ਸਬੰਧੀ ਮੀਟਿੰਗ
ਮੋਗਾ (ਭਿੰਡਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਭਿੰਡਰ ਖੁਰਦ ਵਿਖੇ ਬਲੌਰ ਸਿੰਘ ਘਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ 18 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਸਮੇਤ ਸੱਤ ਭਰਾਤਰੀ ਜਥੇਬੰਦੀਆਂ ਵਲੋਂ ਲੁਧਿਆਣੇ ਵਿਖੇ ਲਾਏ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਪਿੰਡਾਂ ’ਚ ਮੀਟਿੰਗਾਂ ਰੈਲੀਆਂ, ਝੰਡਾਂ ਮਾਰਚਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸਰਕਾਰਾਂ ਦੀਆਂ ਨੀਤੀਆਂ ਬਾਰੇ ਕਿਹਾ ਕਿ ਕਿਵੇਂ ਵੋਟਾਂ ਦੀ ਫਸਲ ਵੱਢਣ ਖਾਤਰ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜ਼ਟ ’ਚ ਗਰੀਬ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 6 ਹਜ਼ਾਰ ਰੁਪਏ ਦੀ ਰਾਹਤ ਨੂੰ ਕੋਝਾ ਮਜ਼ਾਕ ਦੱਸਦਿਆਂ ਉਸਦੀ ਘੋਰ ਨਿੰਦਾਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਜ਼ਟ ਦੌਰਾਨ ਇਕ ਵੀ ਕਿਸਾਨਾਂ ਦੀ ਮੰਗ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਦੀ ਨੀਤੀ ਅਧੀਨ ਡਿਸਪੈਂਸਰੀਆਂ ਨੂੰ ਠੇਕੇ ’ਤੇ ਦੇਣ ਦੀ ਨਿੰਦਾ ਕੀਤੀ ਗਈ ਅਤੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਕਿਸ਼ਨਪੁਰਾ, ਜਗਰਾਜ ਸਿੰਘ, ਬਲਵੰਤ ਸਿੰਘ, ਜਗਰੂਪ ਸਿੰਘ, ਬਚਨ ਸਿੰਘ, ਮੁਖਤਿਆਰ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ, ਲਖਵੀਰ ਸਿੰਘ ਕਿਸ਼ਨਪੁਰਾ, ਚਰਨ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਭਿੰਡਰ ਆਦਿ ਹਾਜ਼ਰ ਸਨ।

Related News