ਗਣਤੰਤਰ ਦਿਵਸ ਸਮਾਰੋਹ ਸਬੰਧੀ ਰੀਹਰਸਲਾਂ ਜਾਰੀ
Wednesday, Jan 23, 2019 - 09:32 AM (IST)

ਮੋਗਾ (ਗੋਪੀ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਾਣਾ ਮੰਡੀ ਮੋਗਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਬੰਧੀ ਚੱਲ ਰਹੀਆਂ ਰੀਹਰਸਲਾਂ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ ਅਤੇ ਸਹਾਇਕ ਕਮਿਸ਼ਨਰ (ਜ) ਲਾਲ ਵਿਸਵਾਸ਼ ਬੈਂਸ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਵਲੋਂ ਕੀਤੀਆਂ ਜਾ ਰਹੀਆਂ ਸੱਭਿਆਚਾਰਕ ਆਈਟਮਾਂ ਵਿਚ ਰਹਿੰਦੀਆਂ ਛੋਟੀਆਂ-ਮੋਟੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਬੰਧੀ ਫੁੱਲ ਡਰੈਸ ਰੀਹਰਸਲ 24 ਜਨਵਰੀ ਨੂੰ ਹੋਵੇਗੀ। ਇਸ ਮੌਕੇ ਰਾਜਿੰਦਰ ਬਤਰਾ ਨੇ ਦੱਸਿਆ ਕਿ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪੰਜਾਬ ਕੈਬਨਿਟ ਦੇ ਖੇਡਾਂ ਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਪੁਲਸ, ਪੰਜਾਬ ਹੋਮ ਗਾਰਡ, ਵੱਖ-ਵੱਖ ਸਕੂਲਾਂ ਦੇ ਐੱਨ. ਸੀ. ਸੀ. ਕੈਡਿਟ ਅਤੇ ਸਕਾਊਟਸ ਦੀਆਂ ਟੁਕਡ਼ੀਆਂ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲੈਣਗੀਆਂ। ਸਮਾਗਮ ਵਿੱਚ ਸੁਤੰਤਰਤਾ ਸੰਗਰਾਮੀਆਂ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਜਾਵੇਗਾ ਅਤੇ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਲੋਡ਼ਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।