ਮੋਦੀ ਸਰਕਾਰ ਦਾ ਸਵੱਛ ਭਾਰਤ ਦਾ ਸੁਪਨਾ ਕਾਂਗਰਸ ਦੇ ਰਾਜ ’ਚ ਹੋਇਆ ਠੁੱਸ

08/22/2018 6:06:20 AM

ਜਲੰਧਰ,   (ਗੁਲਸ਼ਨ)- ਮੋਦੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦਾ ਸੁਪਨਾ ਕਾਂਗਰਸ ਰਾਜ ਵਿਚ  ਠੁੱਸ ਹੁੰਦਾ ਨਜ਼ਰ ਆ ਰਿਹਾ ਹੈ। ਸਵੱਛਤਾ ਮੁਹਿੰਮ  ਨੂੰ ਲੈ ਕੇ ਨਗਰ ਨਿਗਮ ਵਲੋਂ ਕੀਤੇ ਜਾ  ਰਹੇ ਦਾਅਵੇ ਝੂਠੇ ਸਾਬਿਤ ਹੋ ਰਹੇ ਹਨ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਤੋਂ ਲੈ ਕੇ ਮੇਨ  ਚੌਕ ਕੂੜਾ ਡੰਪ ਬਣੇ ਹੋਏ ਹਨ, ਜੋ ਸ਼ਹਿਰ ਵਾਸੀਆਂ ਨੂੰ ਮੂੰਹ ਚਿੜ੍ਹਾ ਰਹੇ ਹਨ। ਬਰਸਾਤ ਦੇ  ਦਿਨਾਂ ’ਚ ਇੱਥੇ ਕੂੜਾ ਸੜਕਾਂ ’ਤੇ ਫੈਲਣ ਨਾਲ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਅਤੇ  ਬੀਮਾਰੀਆਂ ਫੈਲਣ ਦਾ ਖਤਰਾ ਬੰਦਾ ਹੈ। 
ਪੰਜਾਬ  ’ਚ ਪਿਛਲੇ ਕਰੀਬ ਡੇਢ ਸਾਲ  ਤੋਂ ਕਾਂਗਰਸ ਦਾ ਰਾਜ ਹੈ। ਨਗਰ ਨਿਗਮ ’ਤੇ ਵੀ ਕਾਂਗਰਸ  ਦਾ ਹੀ ਕਬਜ਼ਾ ਹੈ ਪਰ ਇਸਦੇ  ਬਾਵਜੂਦ ਸ਼ਹਿਰ ਦੀ ਬੁਰੀ ਹਾਲਤ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਵੱਛ ਭਾਰਤ  ਮੁਹਿੰਮ ਦੇ ਤਹਿਤ ਸਵੱਛ ਜਲੰਧਰ ਨੂੰ  ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਡਸਟਬਿਨ  ਲਾਏ ਗਏ ਸਨ ਤਾਂ ਜੋ ਕੂੜਾ ਸੜਕਾਂ ’ਤੇ ਨਾ ਖਿੱਲਰੇ।  ਕਾਂਗਰਸ ਦਾ ਰਾਜ ਆਉਂਦਿਆਂ ਹੀ   ਸ਼ਹਿਰ ’ਚ ਲੱਗੇ ਡਸਟਬਿਨ ਗਾਇਬ ਹੋਣ ਲੱਗੇ ਹਨ।  ਕਈ ਥਾਵਾਂ ’ਤੇ ਡਸਟਬਿਨ ਤਾਂ ਨਹੀਂ  ਸਿਰਫ ਐਂਗਲ ਨਜ਼ਰ ਆ ਰਹੇ ਹਨ, ਜਿਨ੍ਹਾਂ  ’ਚ ਡਸਟਬਿਨ ਟੰਗੇ ਜਾਂਦੇ ਹਨ।
ਅਜਿਹੀ ਹੀ  ਇਕ ਮਿਸਾਲ ਭਾਜਪਾ  ਦੇ ਰਾਕੇਸ਼ ਗੋਇਲ ਨੇ ਡਿਫੈਂਸ ਕਾਲੋਨੀ ’ਚ ਦਿਖਾਈ, ਜਿੱਥੇ ਪੁਰਾਣੇ  ਪੰਜਾਬ ਨੈਸ਼ਨਲ ਬੈਂਕ ਵਾਲੀ ਬਿਲਡਿੰਗ ਜੋ ਕਿ ਹੁਣ ਬੰਦ ਪਈ ਹੈ, ਉਥੇ ਡਸਟਬਿਨ ਲਾਵਾਰਿਸ  ਹਾਲਤ ਵਿਚ ਪਏ ਹਨ, ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੈ। ਸਰਕਾਰੀ ਪ੍ਰਾਪਰਟੀ ਦਾ  ਨੁਕਸਾਨ ਹੋ ਰਿਹਾ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਕਾਰਨ ਸ਼ਹਿਰ   ਦੇ ਦਰਜਨਾਂ ਇਲਾਕਿਆਂ ਵਿਚ ਗੰਦਗੀ ਦਾ ਆਲਮ ਹੈ। 
ਰਾਕੇਸ਼ ਗੋਇਲ ਨੇ ਕਿਹਾ ਕਿ ਸ਼ਹਿਰ  ਦੇ ਲੋਕ ਹੁਣ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰ ਰਹੇ ਹਨ ਕਿਉਂਕਿ ਜਦੋਂ ਤੋਂ ਕਾਂਗਰਸ  ਸੱਤਾ ਵਿਚ ਆਈ ਹੈ, ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ  ਕਾਂਗਰਸ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਹੈ। ਸੱਤਾ ਵਿਚ ਆਉਣ  ਤੋਂ ਬਾਅਦ ਕੈਪਟਨ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਅਗਲੀਆਂ  ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਜਨਤਾ ਕਾਂਗਰਸ ਨੂੰ ਮੂੰਹ-ਤੋੜ ਜਵਾਬ ਦੇਵੇਗੀ। 
 


Related News