ਬਲਬੀਰ ਰਾਜੇਵਾਲ ਦੀ ਮੋਦੀ ਸਰਕਾਰ ਨੂੰ ਚੇਤਾਵਨੀ- ਮੰਗਾਂ ਨਾ ਮੰਨੀਆਂ ਤਾਂ ਭਾਜਪਾ ਦੀਆਂ ਜੜ੍ਹਾਂ ਪੁੱਟ ਦਿਆਂਗੇ

04/29/2021 5:17:04 PM

ਚੰਡੀਗੜ੍ਹ (ਸੰਜੇ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੋਂ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਦੇਸ਼ ਭਰ ਦੇ ਕਿਸਾਨ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਘਰ ਪਾ ਕੇ ਮੋਰਚੇ ਸੰਭਾਲੀ ਬੈਠੇ ਹਨ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮਾਂ ਸਮੇਂ ਮੋਦੀ ਸਰਕਾਰ ਨੂੰ ਯਾਦ ਦਿਵਾਇਆ ਕਿ ਸਾਡੇ ਗੁਰੂ ਜੀ ਨੇ ਤਿਲਕ ਜੰਜੂ ਦੀ ਰਾਖੀ ਕਰਕੇ ਹਿੰਦ ਦੀ ਚਾਦਰ ਅਖਵਾਇਆ। ਇਹ ਪੰਜਾਬ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕਰਦਾ ਹੈ। ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮੋਦੀ ਸਰਕਾਰ ਗੁਰੂ ਜੀ ਦੇ ਪੈਰੋਕਾਰਾਂ ਨੂੰ ਲੰਮਾਂ ਸਮਾਂ ਸੜਕਾਂ ਉੱਤੇ ਰੋਲੇ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ

ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸਨੇ ਆਪਣੇ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਪੰਜਾਬ ਅਤੇ ਹਰਿਆਣੇ ਵਾਂਗ ਸਾਰੇ ਦੇਸ਼ ਵਿੱਚ ਭਾਜਪਾ ਵਿਧਾਇਕਾਂ, ਸੰਸਦਾਂ ਅਤੇ ਆਗੂਆਂ ਦਾ ਵਿਰੋਧ ਸ਼ੁਰੂ ਕੀਤਾ ਜਾ ਸਕਦਾ ਹੈ। ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਵਿੱਚ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕਿਧਰੇ ਬਾਰਦਾਨਾਂ ਨਹੀਂ ਅਤੇ ਕਿਧਰੇ ਮੰਡੀਆਂ ਵਿੱਚੋਂ ਲਿਫ਼ਟਿੰਗ ਨਹੀਂ ਹੋ ਰਹੀ। ਬਾਹਰਲੇ ਰਾਜਾਂ ਤੋਂ ਕਣਕ ਵੱਡੀ ਮਾਤਰਾ ਵਿੱਚ ਧੜਾਧੜ ਆ ਰਹੀ ਹੈ, ਨਤੀਜੇ ਵਜੋਂ ਕਿਸਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਬੰਦ ਪਏ 7 ਵੈਂਟੀਲੇਟਰ, ਚਲਾਉਣ ਲਈ ਨਹੀਂ ਮਿਲ ਰਹੇ ਤਜਰਬੇਕਾਰ 'ਡਾਕਟਰ'

ਪਿੰਡਾਂ ਵਿੱਚੋਂ ਰੇਹੜਿਆਂ ਵਾਲੇ ਅਤੇ ਛੋਟੇ ਵਪਾਰੀ ਸਥਿਤੀ ਦਾ ਲਾਭ ਉਠਾਉਂਦੇ ਹੋਏ 1700 ਰੁਪਏ ਕੁਇੰਟਲ ਕਣਕ ਖਰੀਦ ਰਹੇ ਹਨ। ਜਿਸ ਦਿਨ ਕਣਕ ਦੀ ਸਰਕਾਰੀ ਖਰੀਦ ਬੰਦ ਹੋ ਗਈ ਤਾਂ ਕਣਕ 1500 ਰੁਪੈ ਦੇ ਭਾਅ ਵੀ ਨਹੀਂ ਵਿਕਣੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਅਸਲ ਵਿੱਚ ਦਿੱਲੀ ਦੀਆਂ ਬਰੂਹਾਂ ਉੱਤੇ ਚਲਦਾ ਧਰਨਾ ਹੈ ਹੀ ਇਸੇ ਕਾਰਨ ਕਿ ਜੇ ਕੇਂਦਰ ਦੇ ਬਣਾਏ ਕਾਨੂੰਨ ਲਾਗੂ ਹੋ ਗਏ ਤਾਂ ਪੰਜਾਬ ਵਰਗੇ ਰਾਜ ਵਿੱਚ ਜਿੱਥੇ 135 ਲੱਖ ਟਨ ਕਣਕ ਅਤੇ 185 ਲੱਖ ਟਨ ਝੋਨਾ ਪੈਦਾ ਹੁੰਦਾ ਹੈ, ਉੱਥੇ ਇਸ ਨੂੰ ਕਿਸੇ ਨੇ ਬਿਹਾਰ ਵਾਂਗ 900 ਰੁਪੈ ਤੋਂ ਵੱਧ ਭਾਅ ਨਹੀਂ ਦੇਣੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਮੋਰਚੇ ਵੱਲ ਤੁਰੰਤ ਕੂਚ ਕਰਨ।

ਇਹ ਵੀ ਪੜ੍ਹੋ:  ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ

Shyna

This news is Content Editor Shyna